ਖੇਤਰੀ ਪ੍ਰਤੀਨਿਧ
ਬਰਨਾਲਾ, 21 ਮਈ
ਸੰਯੁੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ’ਤੇ ਲਾਇਆ ਧਰਨਾ ਅੱਜ 233ਵੇਂ ਦਿਨ ਵੀ ਜਾਰੀ ਰਿਹਾ। ਮੋਰਚੇ ਦੌਰਾਨ 26 ਮਈ ਨੂੰ ਦਿੱਲੀ ਵਿੱਚ ਕਾਲੇ ਦਿਵਸ ਵਜੋਂ ਮਨਾਉਣ ਦੀਆਂ ਤਿਆਰੀਆਂ ਤੇ ਦਿੱਲੀ ਭਰਵੀਂ ਸ਼ਿਰਕਤ ਦੀ ਲੋਕਾਂ ਨੂੰ ਅਪੀਲ ਕੀਤੀ। ਇਸੇ ਤਰ੍ਹਾਂ ਕੇਂਦਰੀ ਸਰਕਾਰ ਵੱਲੋਂ ਪੰਜਾਬ ਹਰਿਆਣਾ ’ਚ ਕਰੋਨਾ ਦੀ ਲਾਗ ਫੈਲਣ ਦਾ ਠੀਕਰਾ ਕਿਸਾਨ ਅੰਦੋਲਨ ਸਿਰ ਭੰਨ੍ਹੇ ਜਾਣ ਦੀ ਸਖ਼ਤ ਨਿਖੇਧੀ ਵੀ ਕੀਤੀ। ਬੁਲਾਰਿਆਂ ’ਚ ਸ਼ਾਮਿਲ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁੁਰਦੇਵ ਸਿੰਘ ਮਾਂਗੇਵਾਲ, ਮਨਜੀਤ ਰਾਜ, ਨੇਕਦਰਸ਼ਨ ਸਿੰਘ, ਗੁੁਰਮੇਲ ਸ਼ਰਮਾ, ਮਾਸਟਰ ਅਮਰਜੀਤ ਸਿੰਘ ਮਹਿਲ ਕਲਾਂ, ਬਾਬੂ ਸਿੰਘ ਖੁੱਡੀ ਕਲਾਂ, ਸਿਵੀਆ ਚੰਨਣਵਾਲ, ਰਾਮ ਸਿੰਘ ਭਦੌੜ, ਬਲਜੀਤ ਸਿੰਘ ਚੌਹਾਨਕੇ, ਪਿਆਰਾ ਸਿੰਘ ਕਰਮਗੜ, ਸੁੁਰਜੀਤ ਸਿੰਘ ਰਾਜੇਵਾਲ, ਸਰਪੰਚ ਗੁੁਰਚਰਨ ਸਿੰਘ ਤੇ ਅਮਰਜੀਤ ਕੌਰ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਇੱਕ ਮੰਤਰੀ ਨੇ ਕਿਹਾ ਕਿ ਦਿੱਲੀ ਧਰਨਿਆਂ ਤੋਂ ਵਾਪਸ ਆਪਣੇ ਪਿੰਡ ਪਰਤਣ ਤੋਂ ਪਹਿਲਾਂ ਕਿਸਾਨ ਕਰੋਨਾ ਟੈਸਟ ਕਰਵਾਉਣ। ਸਿੰਘੂ ਬਾਰਡਰ ’ਤੇ ਹੋਏ ਇੱਕ ਕਿਸਾਨ ਦੀ ਮੰਦਭਾਗੀ ਮੌਤ ਨੂੰ ਖਾਹ-ਮਖਾਹ ਕਰੋਨਾ ਸਿਰ ਮੜ੍ਹਿਆ ਜਾ ਰਿਹਾ ਹੈ | ਹਰਿਆਣਾ ਦਾ ਮੁੱਖ ਮੰਤਰੀ ਕਹਿ ਰਿਹਾ ਹੈ ਕਿ ਕਰੋਨਾ ਦੇ ਮੱਦੇਨਜ਼ਰ ਕਿਸਾਨ ਅੰਦੋਲਨ ਨੂੰ ਕੁੱਝ ਸਮੇਂ ਲਈ ਸਸਪੈਂਡ ਕਰ ਦੇਣ | ਕੁੰਭ ਮੇਲੇ ਅਤੇ ਬੰਗਾਲ ਦੀਆਂ ਚੋਣਾਂ ਵਿੱਚ ਲੱਖਾਂ ਦੇ ਇਕੱਠ ਕਰਨ ਵਾਲੀ ਕੇੱਦਰ ਸਰਕਾਰ ਵੀ ਕਿਸਾਨ ਅੰਦੋਲਨ ਨੂੰ ਕਰੋਨਾ ਦੀ ਲਾਗ ਫੈਲਣ ਦਾ ਕਾਰਨ ਦੱਸ ਰਹੀ ਹੈ।