ਸੁਰਿੰਦਰ ਸਿੰਘ ਤੇਜ
ਮਨਾਲੀ ਸ਼ਹਿਰ ਪਹਿਲੀ ਵਾਰ 1993 ਵਿਚ ਦੇਖਿਆ। ਚੰਡੀਗੜ੍ਹ ਤੋਂ ਰਾਤ ਦੀ ਬੱਸ ਦਾ 12 ਘੰਟਿਆਂ ਦਾ ਸਫ਼ਰ ਅਤੇ ਅੱਗੋਂ ਜੇਬ੍ਹ ਦੀ ਹੈਸੀਅਤ ਮੁਤਾਬਿਕ ਕਮਰਾ ਲੱਭਣ ਦੀ ਮੁਸ਼ੱਕਤ। ਸੈਰ-ਸਪਾਟੇ ਦਾ ਅੱਧਾ ਚਾਅ ਤਾਂ ਇਸੇ ਵਿਚ ਉਤਰ ਗਿਆ। ਸ਼ਹਿਰ ਦਾ ਇਕ ਵੀ ਘਰ ਅਜਿਹਾ ਨਹੀਂ ਸੀ ਜਿਸ ਨੇ ਹੋਟਲ ਦਾ ਬਾਣਾ ਨਾ ਪਹਿਨਿਆ ਹੋਵੇ। ਫਿਰ ਵੀ ਵਾਜਬ ਭਾਅ ’ਚ ਵਾਜਬ ਤੌਰ ’ਤੇ ਸੁਥਰਾ ਕਮਰਾ ਲੱਭਣ ਵਿਚ ਚੋਖੀ ਦਿੱਕਤ ਆਈ। ਚਾਰ ਦਿਨਾਂ ਦੇ ਕਿਆਮ ਦੌਰਾਨ ਜਿੱਥੇ ਵੀ ਗਏ, ਬਹੁਤਾ ਸਮਾਂ ਟਰੈਫਿਕ ਜਾਮਾਂ ਨਾਲ ਸਿੱਝਣ ਵਿਚ ਗੁਜ਼ਰਿਆ। ਉਦੋਂ ਸਾਡੇ ਮੁਲਕ ’ਚ ਕਾਰਾਂ ਦੀ ਕੁਰਬਲ ਅੱਜ ਵਰਗੀ ਨਹੀਂ ਸੀ, ਫਿਰ ਵੀ ਸੜਕਾਂ ’ਤੇ ਅਰਾਜਕਤਾ ਅੱਜ ਵਰਗੀ ਹੀ ਸੀ। ਉਪਰੋਂ ਹਰ ਸੈਰਗਾਹ, ਹਰ ਟੂਰਿਸਟ ਮੁਕਾਮ ’ਤੇ ਗੰਦਗੀ ਦੇ ਢੇਰ। 2007 ਵਿਚ ਮਨਾਲੀ ਜਾਣ ਦੀ ਦੁਬਾਰਾ ਜੁਰੱਅਤ ਕੀਤੀ ਤਾਂ ਹਾਲਾਤ ਸੁਧਰਨ ਦੀ ਥਾਂ ਹੋਰ ਨਿਘਰੇ ਨਜ਼ਰ ਆਏ। ਸ਼ਹਿਰ, ਹਰ ਦਿਸ਼ਾ ’ਚ ਤਿੰਨ-ਤਿੰਨ ਕਿਲੋਮੀਟਰ ਵੱਧ ਫੈਲ ਗਿਆ ਸੀ, ਪਰ ਇਸ ਦੀ ਫ਼ਿਜ਼ਾ ਵਿਚੋਂ ਕੁਦਰਤ ਨਾਲ ਜੁੜੀ ਸੈਰਗਾਹ ਵਾਲਾ ਅਕਸ ਗਾਇਬ ਸੀ। ਮਾਇਕ ਖੁਸ਼ਹਾਲੀ ਦੇ ਨਕਸ਼, ਮੁਕਾਮੀ ਲੋਕਾਂ ਦੀ ਚਾਲ-ਢਾਲ ਵਿਚ ਮੌਜੂਦ ਸਨ, ਪਰ ਸਮੁੱਚਾ ਇਲਾਕਾ ਆਪਣੀ ਨਿਰਛਲਤਾ ਤੇ ਨਿਰਮਲਤਾ ਗੁਆ ਚੁੱਕਾ ਸੀ।
ਇਹ ਵਰਤਾਰਾ ਵਿਗਾਸ ਹੈ ਜਾਂ ਸੰਤਾਪ? ਟੂਰਿਜ਼ਮ ਨੂੰ ਕਿਸ ਹੱਦ ਤਕ ਪਰੋਮੋਟ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸ ਹੱਦ ਤਕ ਨਹੀਂ? ਕੀ ਇਸ ਸਨਅਤ ਨੂੰ ਮੁਕਾਮੀ ਆਰਥਿਕ-ਸਮਾਜਿਕ, ਸਭਿਆਚਾਰਕ ਤੇ ਇਮਾਰਤੀ ਸਲੀਕੇ ਨਾਲ ਖੁਲ੍ਹਾਂ ਲੈਣ ਦੀ ਖੁਲ੍ਹ ਦਿੱਤੀ ਜਾਣੀ ਚਾਹੀਦੀ ਹੈ? ਅਜਿਹੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੰਦੀ ਹੈ ਇਤਾਲਵੀ ਪੱਤਰਕਾਰ, ਸਮਾਜਿਕ ਸਿਧਾਂਤਕਾਰ ਤੇ ਲੇਖਕ ਮਾਰਕੋ ਦੀਇਰੈਮੋ (Marco D’Eramo) ਦੀ ਕਿਤਾਬ ‘ਦਿ ਵਲ਼ਡ ਇਨ ਏ ਸੈਲਫੀ’ (ਸੈਲਫੀ ਵਿਚ ਕੈਦ ਜਹਾਨ; ਵਰਸੋ ਬੁੱਕਸ; 288 ਪੰਨੇ; 699 ਰੁਪਏ)। ਦੀਇਰੈਮੋ ਨੇ ਇਹ ਕਿਤਾਬ 2017 ਵਿਚ ਲਿਖੀ ਸੀ। ਇਸ ਦਾ ਅੰਗਰੇਜ਼ੀ ਅਨੁਵਾਦ ਹੁਣ ਮਾਰਕੀਟ ਵਿਚ ਆਇਆ ਹੈ। ਇਹ ਸੰਸਕਰਣ ਕੋਵਿਡ-19 ਮਹਾਂਮਾਰੀ ਤੋਂ ਸੈਰ-ਸਪਾਟੇ ਦੇ ਸੰਦਰਭ ਵਿਚ ਉਪਜੀਆਂ ਚੁਣੌਤੀਆਂ ਦੇ ਵੇਰਵਿਆਂ ਨਾਲ ਵੀ ਲੈਸ ਹੈ। ਬੜੀ ਜਾਨਦਾਰ ਹੈ ਇਹ ਕਿਤਾਬ। ਸਾਡੀ ਘੁਮੱਕੜੀ ਬਿਰਤੀ ਦਾ ਗਹਿਨ ਅਧਿਐਨ ਪੇਸ਼ ਕਰਨ ਵਾਲੀ। ਨਾਲ ਹੀ ਸਮਾਜ ਵਿਗਿਆਨ, ਅਰਥ ਸ਼ਾਸਤਰ, ਇਤਿਹਾਸ, ਮਾਨਵੀ ਵਿਵਹਾਰ ਵਿਗਿਆਨ ਅਤੇ ਵਿਰਾਸਤੀ ਹਿਫ਼ਾਜ਼ਤ ਨਾਲ ਜੁੜੇ ਪੱਖਾਂ ਤੋਂ ਟੂਰਿਜ਼ਮ ਸਨਅਤ ਦੇ ਲਾਭਾਂ-ਹਾਨੀਆਂ, ਗੁਣਾਂ-ਦੋਸ਼ਾਂ ਦੀ ਛਾਣਬੀਣ ਕਰਨ ਵਾਲੀ। ਇਸ ਸਨਅਤ ਦੇ ਅਕਸ ਦੇ ਅੰਦਰੋਂ ਅਸਲ ਦੀ ਨਿਸ਼ਾਨਦੇਹੀ ਦਾ ਸੰਜੀਦਾ ਯਤਨ ਹੈ ਇਹ ਕਿਤਾਬ। ਖੁਸ਼ਕ ਲਹਿਜੇ ਨਾਲ ਨਹੀਂ, ਅਦਬੀ ਰਵਾਨੀ ਤੇ ਰੌਚਿਕਤਾ ਨਾਲ। ਇਹੋ ਤੱਤ ਇਸ ਕਿਤਾਬ ਨੂੰ ‘ਆਧੁਨਿਕ ਕਲਾਸਿਕ’ ਦਾ ਦਰਜਾ ਦਿਵਾਉਂਦਾ ਹੈ।
ਆਰ.ਕੇ. ਨਰਾਇਣਨ ਦੇ 1957 ਵਿਚ ਛਪੇ ਅੰਗਰੇਜ਼ੀ ਨਾਵਲ ‘ਦਿ ਗਾਈਡ’ (ਜਿਸ ਉੱਤੇ ਬਾਅਦ ਵਿਚ ਸ਼ਾਹਕਾਰ ਫਿਲਮ ਵੀ ਬਣੀ) ਦਾ ਨਾਇਕ ‘ਰੇਲਵੇ ਰਾਜੂ’, ਗਾਈਡ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਬਾਜ਼ ਨਜ਼ਰ ਨੂੰ ਦਿੰਦਾ ਹੈ। ਉਹਦਾ ਦਾਅਵਾ ਹੈ ਕਿ ਉਹ ਪਹਿਲੀ ਨਜ਼ਰੇ ਹੀ ਭਾਂਪ ਜਾਂਦਾ ਹੈ ਕਿ ਕਿਹੜਾ ਸੈਲਾਨੀ ਕਿਹੜੀ ਸ਼੍ਰੇਣੀ ਜਾਂ ਕਿਸਮ ਦਾ ਹੈ ਅਤੇ ਇਸ ਨੂੰ ਕਿਵੇਂ ਭਰਮਾਇਆ ਜਾ ਸਕਦਾ ਹੈ। ਮਸਲਨ, ਜੇ ਕਿਸੇ ਦੇ ਗਲੇ ਵਿਚ ਕੈਮਰਾ ਹੈ ਤਾਂ ਸਮਝ ਜਾਓ ਕਿ ਉਹ ਵਿਊ-ਫਾਈਂਡਰ ਦਾ ਗ਼ੁਲਾਮ ਹੈ। ਉਸ ਨੂੰ ਅਸਲ ਨਹੀਂ, ਅਕਸ ਆਕਰਸ਼ਿਤ ਕਰਦੇ ਹਨ। ਅਜਿਹੇ ਸੈਲਾਨੀ ਕੋਲ ਖ਼ੁਦ ਨੂੰ ਗਾਈਡ ਵਜੋਂ ‘ਵੇਚਣ’ ਦਾ ਬਿਹਤਰੀਨ ਗੁਰ ਹੈ ਕੈਮਰੇ ਅੰਦਰਲੀ ਫਿਲਮ ਡਿਵੈਲਪ ਕਰਨ ਵਾਲੇ ਸਟੂਡੀਓ ਨਾਲ ਵਾਕਫ਼ੀਅਤ ਹੋਣ ਦਾ ਦਾਅਵਾ। ਉਹ ਝੱਟ ਗਾਈਡ ਦੀਆਂ ਸੇਵਾਵਾਂ ਵਾਸਤੇ ਤਿਆਰ ਹੋ ਜਾਵੇਗਾ। ਦੀਇਰੈਮੋ ਨੇ ਸੈਲਾਨੀਆਂ ਦੇ ਵਰਗੀਕਰਨ ਲਈ ਰੇਲਵੇ ਰਾਜੂ ਵਰਗੇ ਪੈਮਾਨੇ ਹੀ ਅਪਣਾਏ ਹਨ। ਫ਼ਰਕ ਇਹ ਹੈ ਕਿ ਹੁਣ ਯੁੱਗ ਕੈਮਰਿਆਂ ਦਾ ਨਹੀਂ, ਸਮਾਰਟਫੋਨਾਂ ਦਾ ਹੈ। ਹੁਣ ਫਿਲਮ ਛੇਤੀ ਡਿਵੈਲਪ ਕਰਵਾਉਣ ਵਰਗਾ ਝਾਂਸਾ ਨਹੀਂ ਦਿੱਤਾ ਜਾਂਦਾ। ਹਾਂ, ਸੈਲਫੀ ਖਿੱਚਣ ਲਈ ਢੁਕਵੀਆਂ ਥਾਵਾਂ ਲੱਭ ਕੇ ਦੇਣ ਦਾ ਲਾਲਚ, ਸੈਲਾਨੀਆਂ ਨੂੰ ਜ਼ਰੂਰ ਭਰਮਾ ਸਕਦਾ ਹੈ। ਸੈਲਫੀਆਂ ਪ੍ਰਤੀ ਅਜਿਹੀ ਲਲਕ ਅਤੇ ਜਗ੍ਹਾਵਾਂ ਦੀ ਚੋਣ ਸੈਲਾਨੀ ਦੇ ਕਿਰਦਾਰ ਤੇ ਕਾਰ-ਵਿਹਾਰ ਬਾਰੇ ਬੜਾ ਕੁਝ ਦੱਸ ਜਾਂਦੀ ਹੈ। ਅਜਿਹੀ ਜਾਣਕਾਰੀ ਟੂਰਿਜ਼ਮ ਸਨਅਤ ਦੇ ਸੰਚਾਲਕਾਂ ਤੇ ਪਾਲਕਾਂ ਦੇ ਖ਼ੂਬ ਕੰਮ ਆ ਰਹੀ ਹੈ। ਉਹ ਸੈਲਾਨੀਆਂ ਦੀ ਘੁਮੱਕੜੀ ਬਿਰਤੀ ਦਾ ਲਾਭ ਲੈਣ ਲਈ ਨਵੇਂ-ਨਵੇਂ ਪ੍ਰਪੰਚ ਤੇ ਤਲਿੱਸਮ ਰਚਦੇ ਰਹਿੰਦੇ ਹਨ। ਸੈਲਾਨੀ ਵੀ ਅਜਿਹੇ ਮਾਇਆ-ਜਾਲਾਂ ਵਿਚ ਲਗਾਤਾਰ ਫਸਦੇ ਚਲੇ ਆ ਰਹੇ ਹਨ।
ਦੀਇਰੈਮੋ ਦੱਸਦਾ ਹੈ ਕਿ ਘੁਮੱਕੜਪੁਣਾ, ਇਨਸਾਨੀ ਸੁਭਾਅ ਦੇ ਅੰਦਰ ਮੁੱਢ ਤੋਂ ਹੀ ਨਿਹਿਤ ਹੈ। ਕੁਝ ਕਿਸਮਾਂ ਦੇ ਮਨੋਰੋਗੀਆਂ ਨੂੰ ਛੱਡ ਕੇ ਬਾਕੀ ਹਰ ਇਨਸਾਨ ਬਹੁਤੇ ਦਿਨਾਂ ਤਕ ਦੀਵਾਰਾਂ ਦੇ ਅੰਦਰ ਕੈਦ ਨਹੀਂ ਰਹਿ ਸਕਦਾ। ਘਰ ਤੋਂ ਦੂਰ ਜਾ ਕੇ ਕੁਝ ਨਵਾਂ ਦੇਖਣ ਦੀ ਬਿਰਤੀ ਨੇ ਆਦਿ ਮਾਨਵ ਨੂੰ ਅਫ਼ਰੀਕਾ ਤੋਂ ਪਹਿਲਾਂ ਪੱਛਮੀ ਏਸ਼ੀਆ ਤੇ ਫਿਰ ਭਾਰਤੀ ਉਪ ਮਹਾਂਦੀਪ ਤਕ ਪਹੁੰਚਾਇਆ। ਇਹੋ ਬਿਰਤੀ ਮੰਗੋਲੀਆ ਦੇ ਮੂਲ ਵਸਨੀਕਾਂ ਨੂੰ ਸਾਇਬੇਰੀਆ, ਉੱਥੋਂ ਬਰਫ਼ੀਲਾ ਸਮੁੰਦਰ ਪਾਰ ਕਰਕੇ ਅਲਾਸਕਾ ਅਤੇ ਫਿਰ ਅਮਰੀਕੀ ਮਹਾਂਦੀਪਾਂ ਦੇ ਧੁਰ ਦੱਖਣ ਵਿਚ ਅਰਜਨਟੀਨਾ ਤਕ ਲੈ ਗਈ। ਅਤੀਤ ਦੇ ਕੁਝ ਨਾਮੀ ਘੁਮੱਕੜਾਂ ਜਿਵੇਂ ਕਿ ਮਾਰਕੋ ਪੋਲੋ, ਫਰੈਂਸਿਸ ਬੇਕਨ, ਸੈਮੂਅਲ ਜੌਹਨਸਨ, ਆਰਥੁਰ ਡੀਗੌਬਿਨਵੇ ਤੇ ਮਾਰਕ ਟਵੇਨ ਦੇ ਜੀਵਨ ਬਿਰਤਾਂਤਾਂ ਰਾਹੀਂ ਉਸ ਨੇ ਟੂਰਿਜ਼ਮ ਸਨਅਤ ਦੇ ਵਿਕਾਸ-ਵਿਗਾਸ ਦੀ ਤਸਵੀਰ ਵੀ ਪੇਸ਼ ਕੀਤੀ ਹੈ। ਉਹ ਦੱਸਦਾ ਹੈ ਕਿ 18ਵੀਂ ਸਦੀ ਤਕ ਟੂਰਿਜ਼ਮ ਸਾਮੰਤਾਂ-ਜਗੀਰਦਾਰਾਂ-ਧਨਾਢਾਂ ਦਾ ਸ਼ੌਕ ਸੀ; 19ਵੀਂ ਸਦੀ ਵਿਚ ਇਸ ਸ਼ੌਕ ਦਾ ਪਸਾਰਾ ਬੁਰਜੂਆ ਜਮਾਤ ਵਿਚ ਹੋਇਆ ਅਤੇ ਉੱਥੋਂ ਛਣ ਕੇ ਇਹ ਸ਼ੌਕ ਹਮਾਤੜਾਂ ਤਕ ਆ ਪਹੁੰਚਿਆ। ਉਸ ਦੇ ਦੱਸਣ ਮੁਤਾਬਿਕ ਬੁਰਜੂਆ ਜਮਾਤਾਂ ਤੇ ਹਮਾਤੜਾਂ ਨੇ ਹੀ ਟੂਰਿਜ਼ਮ ਨੂੰ ਸਨਅਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਸੈਲਫੀ ਸਭਿਆਚਾਰ ਨੂੰ ਹੁਲਾਰਾ ਵੀ ਉਨ੍ਹਾਂ ਤੋਂ ਹੀ ਮਿਲਿਆ। ਅੱਜ ਟੂਰਿਜ਼ਮ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਸਨਅਤ ਹੈ। 2018 ਵਿਚ ਦੁਨੀਆਂ ਦੇ ਕੁੱਲ ਜੀ.ਡੀ.ਪੀ. ਦਾ 10.4 ਫ਼ੀਸਦ ਹਿੱਸਾ ਇਸ ਸਨਅਤ ਤੋਂ ਆਇਆ। ਇਸ ਵੇਲੇ ਵੀ ਇਹ ਸਨਅਤ ਦੁਨੀਆਂ ਦੀ 10 ਫ਼ੀਸਦੀ ਤੋਂ ਵੱਧ ਵਸੋਂ ਨੂੰ ਸਿੱਧੇ/ਅਸਿੱਧੇ ਤੌਰ ’ਤੇ ਰੁਜ਼ਗਾਰ ਪ੍ਰਦਾਨ ਕਰ ਰਹੀ ਹੈ। ਨਾਂਹਮੁਖੀ ਪੱਖ ਇਹ ਹੈ ਕਿ ਟੂਰਿਸਟਾਂ ਨੂੰ ਆਕਰਸ਼ਿਤ ਕਰਨ ਜਾਂ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਰੁਝਾਨ ਇਲਾਕਾਈ ਵਿਵਿਧਤਾ ਨੂੰ ਖ਼ਤਮ ਕਰਦਾ ਜਾ ਰਿਹਾ ਹੈ, ਇਮਾਰਤੀ ਤੇ ਤਾਮੀਰੀ ਵਿਗਾੜ ਪੈਦਾ ਕਰ ਰਿਹਾ ਹੈ, ਸਵੱਛਤਾ ਤੇ ਪ੍ਰਾਕ੍ਰਿਤਕ ਸੁੰਦਰਤਾ ਨੂੰ ਖੋਰਾ ਲਾ ਰਿਹਾ ਹੈ, ਅਤੇ ਇਨਸਾਨੀ ਲਾਲਸਾਵਾਂ ਤੇ ਲਾਲਚਾਂ ਵਿਚ ਲਗਾਤਾਰ ਵਾਧਾ ਕਰਦਾ ਜਾ ਰਿਹਾ ਹੈ। ਸਾਡੇ ਜਹਾਨ ਨੂੰ ਸਭ ਤੋਂ ਵੱਧ ਪਲੀਤ ਕਰਨ ਵਾਲੀਆਂ ਪੰਜ ਮੁੱਖ ਸਨਅਤਾਂ ਵਿਚੋਂ ਇਕ ਹੈ ਟੂਰਿਜ਼ਮ ਸਨਅਤ। ਅਫ਼ਸੋਸਨਾਕ ਤੱਥ ਇਹ ਹੈ ਕਿ ਇਹ ਸਨਅਤ ਮਲੀਨਤਾ ਮਿਟਾਉਣ ਦਾ ਨਹੀਂ, ਛੁਪਾਉਣ ਦਾ ਯਤਨ ਕਰਦੀ ਆਈ ਹੈ। ਇਸੇ ਪ੍ਰਵਿਰਤੀ ਨੂੰ ਤਿਆਗਣ ਵਾਸਤੇ ਇਹ ਹੁਣ ਵੀ ਤਿਆਰ ਨਹੀਂ।
ਬੜਾ ਕੁਝ ਹੈ ਇਸ ਕਿਤਾਬ ਵਿਚ। ਬੇਬਾਕ, ਬੇਖੌ਼ਫ਼ ਅਤੇ ਪੜ੍ਹਨਯੋਗ।
* * *
ਭਾਰਤੀ ਆਜ਼ਾਦੀ ਸੰਗਰਾਮ ਵਿਚ ਪੰਜਾਬ ਦੀ ਭੂਮਿਕਾ ਬਾਰੇ ਡਾ. ਗੁਰਦੇਵ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਖੋਜ, ਸ਼ੋਧ ਤੇ ਲੇਖਣ ਕਾਰਜ ਸਹੀ ਅਰਥਾਂ ਵਿਚ ਮਿਸਾਲੀ ਹੈ। ਉਨ੍ਹਾਂ ਨੇ ਨਾ ਸਿਰਫ਼ ਆਜ਼ਾਦੀ ਸੰਗਰਾਮੀਆਂ ਦੀਆਂ ਜੀਵਨੀਆਂ ਨੂੰ ਲਿਖਿਆ-ਛਪਵਾਇਆ ਤੇ ਸੰਗ੍ਰਹਿਤ ਕੀਤਾ ਸਗੋਂ ਉਸ ਸਮੇਂ ਦੇ ਸੰਗਰਾਮੀ ਸਾਹਿਤ ਨੂੰ ਸਹੇਜਣ ਤੇ ਸਾਂਭਣ ਦਾ ਵਡਮੁੱਲਾ ਕੰਮ ਵੀ ਕੀਤਾ ਹੈ। ‘ਆਜ਼ਾਦੀ ਸੰਗਰਾਮ ਦੀ ਕਵਿਤਾ, 1900-1947’ (ਪਬਲੀਕੇਸ਼ਨ ਬਿਓਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ; 260 ਪੰਨੇ; 360 ਰੁਪਏ) ਇਸੇ ਕਾਰਜ ਦਾ ਦਸਤਾਵੇਜ਼ੀ ਪ੍ਰਮਾਣ ਹੈ।
ਕਿਤਾਬ ਭਾਵੇਂ ਸਾਲ 1900 ਤੋਂ 1947 ਤਕ ਦੇ ਸਮਾਂ-ਕਾਲ ਉਤੇ ਕੇਂਦਰਿਤ ਹੈ, ਫਿਰ ਵੀ ਇਸ ਵਿਚ 1850-1899 ਵਾਲੇ ਯੁੱਗ ਦੌਰਾਨ ਰਚੇ ਗਏ ਸੰਗਰਾਮੀ ਕਾਵਿ ਦੀਆਂ ਝਲਕਾਂ ਵੀ ਮੌਜੂਦ ਹਨ। ਦਰਅਸਲ, ਪਹਿਲਾ ਅਧਿਆਇ (ਆਜ਼ਾਦੀ ਸੰਗਰਾਮ ਦੀ ਕਵਿਤਾ- ਵੀਹਵੀਂ ਸਦੀ ਤੋਂ ਪਹਿਲਾਂ) 1857 ਤੋਂ ਪਹਿਲਾਂ ਤੇ ਬਾਅਦ ਵਾਲੇ ਦਿਨਾਂ ਦੌਰਾਨ ਪੰਜਾਬ ਤੇ ਪੰਜਾਬੀਆਂ ਦੀ ਭੂਮਿਕਾ ਬਾਰੇ ਕਈ ਭਰਮ-ਭੁਲੇਖੇ ਦੂਰ ਕਰਦਾ ਹੈ। ਇਸ ਅਧਿਆਇ ਤੋਂ ਸਪਸ਼ਟ ਹੈ ਕਿ ਬ੍ਰਿਟਿਸ਼ ਇਤਿਹਾਸਕਾਰਾਂ ਦੇ ਮੱਤ ਤੋਂ ਉਲਟ ਪੰਜਾਬ ਵਿਚ ਜ਼ਮੀਨੀ ਪੱਧਰ ’ਤੇ ਅੰਗਰੇਜ਼ ਹਕੂਮਤ ਖ਼ਿਲਾਫ਼ ਰੋਹ 1857 ਤੋਂ ਪਹਿਲਾਂ ਵੀ ਸੁਲਗ਼ ਰਿਹਾ ਸੀ। ਉਸਤਾਦ ਕਵੀ ਸ਼ਾਹ ਮੁਹੰਮਦ ਤੇ ਚੰਦਾ ਸਿੰਘ ਸੂਰਮਾ ਨੇ ਆਪਣੀਆਂ ਰਚਨਾਵਾਂ ਰਾਹੀਂ ਇਸੇ ਰੋਹ ਨੂੰ ਕਲਮੀ ਰੂਪ ਪ੍ਰਦਾਨ ਕੀਤਾ। ਅਗਲੇ ਪੰਜ ਅਧਿਆਇ ਸੰਗਰਾਮੀ ਕਵਿਤਾ ਦੇ ਵਿਚਾਰਧਾਰਾਈ ਰੂਪਾਂ, ਸਾਹਿਤਕ ਪੱਖ ਤੇ ਪ੍ਰੇਰਨਾਮਈ ਪ੍ਰਭਾਵਾਂ ਆਦਿ ਦਾ ਵਿਵੇਚਨ ਹਨ। ਬਹੁਤ ਸਾਰੀਆਂ ਰਚਨਾਵਾਂ ਦਾ ਮੂਲ ਪਾਠ ਇਸ ਵਿਵੇਚਨ ਵਿਚ ਸ਼ਾਮਲ ਹੈ। ਇਹ ਕਾਵਿ ਗੀਤਾਂ, ਵਾਰਾਂ, ਛੰਦਾਂ, ਕਵੀਸ਼ਰੀਆਂ ਆਦਿ ਦੇ ਰੂਪ ਵਿਚ ਹੈ। ਅਹਿਮ ਪਹਿਲੂ ਇਹ ਸੀ ਕਿ ਇਹ ਸਾਰਾ ਕਾਵਿ ਰੂਹ ਤੇ ਰੂਪ ਪੱਖੋਂ ਸੈਕੂਲਰ ਸੀ। ਗਾਂਧੀ ਦੇ ਚਰਖੇ ਦੀ ਹੂਕ ਨੇ ਅਬਦੁਲ ਕਾਦਿਰ ਬੇਗ ਜਾਂ ਨੂਰ ਮੁਹੰਮਦ ਨੂੰ ਵੀ ਓਨਾ ਹੀ ਪ੍ਰਭਾਵਿਤ ਕੀਤਾ ਜਿੰਨਾ ਕਵੀ ਬਾਬੂ ਅਰੂੜ ਸਿੰਘ ਜਾਂ ਸੰਤ ਸੂਰਜ ਸਿੰਘ ਜਾਂ ਹਰਬੰਸ ਲਾਲ ਸੇਠੀ ਤੇ ਖੁਸ਼ੀ ਰਾਮ ਆਰਿਫ਼ ਨੂੰ।
ਕਿਤਾਬ ਆਪਣੇ ਆਪ ਵਿਚ ਕੀਮਤੀ ਦਸਤਾਵੇਜ਼ ਹੈ- ਖੋਜੀਆਂ ਤੇ ਖੋਜਾਰਥੀਆਂ ਲਈ ਵੀ ਅਤੇ ਸਾਧਾਰਨ ਗਿਆਨ-ਅਭਿਲਾਖੀਆਂ ਲਈ ਵੀ। ਅਜਿਹੀ ਹੋਣੀ ਬਹੁਤ ਘੱਟ ਕਿਤਾਬਾਂ ਦਾ ਨਸੀਬ ਬਣਦੀ ਹੈ।