ਰਾਜਿੰਦਰ ਜੈਦਕਾ
ਅਮਰਗੜ੍ਹ, 5 ਫਰਵਰੀ
ਹਲਕਾ ਅਮਰਗੜ੍ਹ ਤੋਂ ਕਾਂਗਰਸ ਉਮੀਦਵਾਰ ਸਮਿਤ ਸਿੰਘ ਨੇ ਰਟੋਲਾਂ, ਭੈਣੀ ਖੁਰਦ, ਮਾਣਕ ਮਾਜਰਾ, ਭੈਣੀ ਕਲਾਂ, ਸੰਗਾਲੀ, ਰੁਸਤਮਗੜ੍ਹ, ਸੰਗਾਲਾ, ਮੁਹੰਮਦਗੜ੍ਹ, ਹਿੰਮਤਆਣਾ, ਫੈਲਗੜ੍ਹ, ਦਲੇਲਗੜ੍ਹ, ਸੱਦੋਪੁਰ ਆਦਿ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ। ਪਿੰਡ ਸੰਗਾਲੀ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘ਮੈਂ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲ ਕੇ ਪੰਜਾਬ ਮਾਡਲ ਸਬੰਧੀ ਨੀਤੀਆਂ ਬਣਾਈਆਂ ਹਨ। ਮੇਰੇ ਦਿਮਾਗ ਵਿੱਚ ਇਹ ਰਹਿੰਦਾ ਸੀ ਕਿ ਮੈਂ ਪੰਜਾਬ ਮਾਡਲ ਲਈ ਆਪਣੀ ਜਨਮ ਭੂਮੀ ਤੋਂ ਸ਼ੁਰੂਆਤ ਕਰਾਂ। ਅਮਰਗੜ੍ਹ ਨੂੰ ਵਿਕਾਸ ਦੀ ਤਰੱਕੀ ’ਤੇ ਲੈ ਜਾਣਾ ਮੇਰਾ ਮੁੱਖ ਮੰਤਵ ਹੋਵੇਗਾ।’ ਉਨ੍ਹਾਂ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਲਿਆਉਣਾ ਬਹੁਤ ਜ਼ਰੂਰੀ ਹੈ। ਹਲਕਾ ਅਮਰਗੜ੍ਹ ਵਿੱਚ ਜਿਥੇ ਵੱਡੀ ਇੰਡਸਟਰੀ ਲਗਾਈ ਜਾਵੇਗੀ ,ਉੱਥੇ ਛੋਟੇ ਉਦਯੋਗਾਂ ਨੂੰ ਵੀ ਨਵੇਂ ਸਿਰਿਉਂ ਕਾਇਮ ਕਰਕੇ ਬੇਰੁਜ਼ਗਾਰੀ ਦੂਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਿਸੇ ਵੀ ਪਿੰਡ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ ਤੇ ਹਰ ਪਿੰਡ ਨੂੰ ਬਣਦੀਆਂ ਗ੍ਰਾਂਟਾਂ ਦਿੱਤੀਆਂ ਜਾਣਗੀਆਂ।