ਟੋਕੀਓ, 22 ਜੁਲਾਈ
ਕੋਵਿਡ-19 ਨਾਲ ਜੁੜੇ ਫ਼ਿਕਰਾਂ ਤੇ ਅਗਲੇ ਕੁਝ ਦਿਨਾਂ ਵਿੱਚ ਹੋਣ ਵਾਲੇ ਮੁਕਾਬਲਿਆਂ ਦੇ ਮੱਦੇਨਜ਼ਰ ਸੱਤ ਖੇਡ ਵੰਨਗੀਆਂ ਨਾਲ ਸਬੰਧਤ ਭਾਰਤ ਦੇ 20 ਖਿਡਾਰੀ ਤੇ ਛੇੇ ਅਧਿਕਾਰੀ ਹੀ ਸ਼ੁੱਕਰਵਾਰ ਨੂੰ ਓਲੰਪਿਕ ਦੇ ਉਦਘਾਟਨੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਭਾਰਤ ਦੇ ਵੱਡੀ ਗਿਣਤੀ ਖਿਡਾਰੀਆਂ ਨੇ ਮੁੱਖ ਸਮਾਗਮ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਨਿਸ਼ਾਨੇਬਾਜ਼ੀ, ਬੈਡਮਿੰਟਨ, ਤੀਰਅੰਦਾਜ਼ੀ ਤੇ ਹਾਕੀ ਜਿਹੀਆਂ ਖੇਡ ਵੰਨੀਆਂ ਨਾਲ ਜੁੜੇ ਖਿਡਾਰੀ ਉਦਘਾਟਨੀ ਸਮਾਗਮ ’ਚੋਂ ਗੈਰਹਾਜ਼ਰ ਰਹਿਣਗੇ। ਕਿਉਂਕਿ ਭਾਰਤੀ ਦਲ ਆਪਣੇ ਖਿਡਾਰੀਆਂ ਨੂੰ ਵਾਇਰਸ ਦੇ ਜੋਖ਼ਮ ਤੋਂ ਬਚਾਉਣਾ ਚਾਹੁੰਦਾ ਹੈ। ਹਾਕੀ ਟੀਮ ’ਚੋਂ ਸਿਰਫ਼ ਝੰਡਾਬਰਦਾਰ ਤੇ ਪੁਰਸ਼ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਹੀ ਸ਼ਾਮਲ ਹੋਣਗੇ। ਉਦਘਾਟਨੀ ਸਮਾਗਮ ’ਚ ਸ਼ਿਰਕਤ ਕਰਨ ਵਾਲੇ 20 ਹੋਰਨਾਂ ਖਿਡਾਰੀਆਂ ’ਚ ਮਨਿਕਾ ਬੱਤਰਾ ਤੇ ਅਚੰਤਾ ਸ਼ਰਤ ਕਮਲ ਸਮੇਤ ਟੇਬਲ ਟੈਨਿਸ ਦੇ ਚਾਰ ਖਿਡਾਰੀ ਤੇ ਕਿਸ਼ਤੀ ਚਾਲਨ ਟੀਮ ਦੇ ਵੀ ਇੰਨੇ ਹੀ ਖਿਡਾਰੀ ਸ਼ਾਮਲ ਹਨ। ਤਲਵਾਰਬਾਜ਼ ਸੀ.ਏ.ਭਵਾਨੀ ਦੇਵੀ, ਜਿਮਨਾਸਟ ਪ੍ਰਨਾਤੀ ਨਾਇਕ ਤੇ ਤੈਰਾਕ ਸਾਜਨ ਪ੍ਰਕਾਸ਼ ਤੋਂ ਇਲਾਵਾ ਅੱਠ ਮੁੱਕੇਬਾਜ਼ ਵੀ ਉਦਘਾਟਨੀ ਸਮਾਗਮ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ। ਮੁੱਕੇਬਾਜ਼ ਐੱਮ.ਸੀ.ਮੈਰੀਕੌਮ ਵੀ ਝੰਡਾਬਰਦਾਰ ਹੈ। ਹੋਰਨਾਂ ਮੁੱਕੇਬਾਜ਼ਾਂ ਵਿੱਚ ਸਿਮਰਨਜੀਤ ਕੌਰ, ਲਵਲੀਨਾ ਬੋਰਗੋਹੇਨ, ਪੂਜਾ ਰਾਣੀ, ਅਮਿਤ ਪੰਘਾਲ, ਮਨੀਸ਼ ਕੌਸ਼ਿਕ, ਆਸ਼ੀਸ਼ ਕੁਮਾਰ ਤੇ ਸਤੀਸ਼ ਕੁਮਾਰ ਦੇ ਨਾਂ ਸ਼ਾਮਲ ਹਨ। ਭਾਰਤ ਦੇ 125 ਤੋਂ ਵਧ ਖਿਡਾਰੀ ਟੋਕੀਓ ਓਲੰਪਿਕ ਵਿੱਚ ਹਿੱਸਾ ਲੈ ਰਹੇ ਹਨ। ਭਾਰਤੀ ਖੇਡ ਦਸਤੇ ਵਿੱਚ ਕੁੱਲ 228 ਮੈਂਬਰ ਹਨ ਜਿਨ੍ਹਾਂ ਵਿੱਚ ਅਧਿਕਾਰੀ, ਕੋਚ, ਸਹਿਯੋਗੀ ਸਟਾਫ਼ ਤੇ ਬਦਲਵੇਂ ਖਿਡਾਰੀ ਹਨ।
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਕਿਹਾ, ‘‘ਤੀਰਅੰਦਾਜ਼ੀ, ਜੂਡੋ, ਬੈਡਮਿੰਟਨ, ਵੇਟਲਿਫਟਿੰਗ, ਟੈਨਿਸ, ਹਾਕੀ (ਪੁਰਸ਼ ਤੇ ਮਹਿਲਾ) ਤੇ ਨਿਸ਼ਾਨੇਬਾਜ਼ੀ ਨਾਲ ਸਬੰਧਤ ਖਿਡਾਰੀ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ। ਕਿਉਂਕਿ ਉਨ੍ਹਾਂ 24 ਜੁਲਾਈ ਨੂੰ ਮੁਕਾਬਲਿਆਂ ਤੇ ਅਭਿਆਸ ਸੈਸ਼ਨ ਵਿੱਚ ਸ਼ਿਰਕਤ ਕਰਨੀ ਹੈ।’’ ਉਨ੍ਹਾਂ ਕਿਹਾ, ‘ਮਾਰਚ ਪਾਸਟ ਜਾਪਾਨੀ ਵਰਨਮਾਲਾ ਮੁਤਾਬਕ ਹੋਵੇਗਾ ਤੇ ਭਾਰਤ ਦਾ ਨੰਬਰ 21ਵਾਂ ਹੋਵੇਗਾ। ਦੋਵੇਂ ਝੰਡਾਬਰਦਾਰ ਐੱਮ.ਸੀ.ਮੈਰੀਕੌਮ ਤੇ ਮਨਪ੍ਰੀਤ ਸਿੰਘ ਉਦਘਾਟਨੀ ਸਮਾਗਮ ’ਚ ਸ਼ਿਰਕਤ ਕਰਨਗੇ।’ ਜਿਹੜੇ ਅਧਿਕਾਰੀ ਮੁੱਖ ਸਮਾਗਮ ਵਿੱਚ ਹਾਜ਼ਰੀ ਭਰਨਗੇ ਉਨ੍ਹਾਂ ਵਿੱਚ ਭਾਰਤੀ ਦਲ ਦੇ ਆਗੂ ਬੀਰੇਂਦਰ ਪ੍ਰਸਾਦ, ਉਪ ਆਗੂ ਪ੍ਰੇਮ ਵਰਮਾ, ਟੀਮ ਚਕਿਤਸਕ ਡਾ.ਅਰੁਣ ਬਾਸਿਲ ਮੈਥਿਊ, ਟੇਬਲ ਟੈਨਿਸ ਟੀਮ ਦੇ ਮੈਨੇਜਰ ਐੱਮ.ਪੀ.ਸਿੰਘ, ਮੁੱਕੇਬਾਜ਼ ਕੋਚ ਮੁਹੰਮਦ ਅਲੀ ਕਮਰ ਤੇ ਜਿਮਨਾਸਟਿਕ ਕੋਚ ਲਾਖ਼ਨ ਸ਼ਰਮਾ ਸ਼ਾਮਲ ਹਨ।
ਇਸ ਤੋਂ ਪਹਿਲਾਂ ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਕਿਹਾ ਸੀ ਕਿ 50 ਤੋਂ ਵਧ ਖਿਡਾਰੀ ਉਦਘਾਟਨੀ ਸਮਾਗਮ ’ਚ ਸ਼ਿਰਕਤ ਕਰਨਗੇ। ਮਹਿਤਾ ਨੇ ਕਿਹਾ ਸੀ, ‘‘ਅਸੀਂ ਅਜਿਹੇ ਹਾਲਾਤ ਪੈਦਾ ਨਹੀਂ ਕਰਨਾ ਚਾਹੁੰਦੇ ਕਿ ਸਾਡੇ ਖਿਡਾਰੀਆਂ ਨੂੰ ਕਰੋਨਾ ਦੀ ਲਾਗ ਚਿੰਬੜਨ ਦਾ ਡਰ ਹੋਵੇ। ਇਹੀ ਵਜ੍ਹਾ ਹੈ ਕਿ ਭਲਕ ਦੇ ਉਦਘਾਟਨੀ ਸਮਾਗਮ ਵਿੱਚ ਖਿਡਾਰੀਆਂ ਤੇ ਅਧਿਕਾਰੀਆਂ ਦੀ ਗਿਣਤੀ ਨੂੰ ਘਟਾ ਕੇ 50 ਰੱਖਣ ਦਾ ਫੈਸਲਾ ਕੀਤਾ ਗਿਆ ਹੈ।’’ ਮਹਿਤਾ ਨੇ ਕਿਹਾ ਸੀ ਕਿ ਉਪਰੋਕਤ ਫੈਸਲਾ ਕੋਚਾਂ ਤੇ ਖੇਡ ਦਸਤੇ ਦੇ ਪ੍ਰਮੁੱਖ ਨਾਲ ਮੁਲਾਕਾਤ ਮਗਰੋਂ ਲਿਆ ਗਿਆ ਹੈ। ਇਸ ਦੌਰਾਨ ਖੇਡ ਮੰਤਰੀ ਅਨੁਰਾਗ ਠਾਕੁਰ ਤੇ ਉਨ੍ਹਾਂ ਦੇ ਡਿਪਟੀ ਨਿਸਿਥ ਪ੍ਰਮਾਣਿਕ 32ਵੀਂ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਨੂੰ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਬੈਠ ਕੇ ਵੇਖਣਗੇ। ਇਸ ਮੌਕੇ ਸਾਬਕਾ ਅਥਲੀਟ ਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਰਹਿਣਗੀਆਂ। -ਪੀਟੀਆਈ
ਟੋਕੀਓ ਵਿੱਚ ਕੋਵਿਡ-19 ਦੇ 1979 ਨਵੇਂ ਕੇਸ
ਟੋਕੀਓ: ਟੋਕੀਓ ਵਿੱਚ ਖੇਡ ਮਹਾਕੁੰਭ ਦੇ ਰਸਮੀ ਆਗਾਜ਼ ਤੋਂ ਇਕ ਦਿਨ ਪਹਿਲਾਂ ਦੋ ਹਜ਼ਾਰ ਦੇ ਕਰੀਬ ਨਵੇਂ ਕੇਸ ਰਿਪੋਰਟ ਹੋਏ ਹਨ, ਜਿਸ ਕਰਕੇ ਖੇਡਾਂ ਦੌਰਾਨ ਕਰੋਨਾ ਦੀ ਲਾਗ ਦੇ ਤੇਜ਼ੀ ਨਾਲ ਫੈਲਣ ਦੇ ਫ਼ਿਕਰ ਵੱਧ ਗਏ ਹਨ। ਅੱਜ ਰਿਪੋਰਟ ਹੋਏ 1979 ਨਵੇਂ ਕੇਸ 15 ਜਨਵਰੀ ਨੂੰ ਰਿਪੋਰਟ ਹੋਏ 2044 ਕੇਸਾਂ ਮਗਰੋਂ ਸਭ ਤੋਂ ਵੱਧ ਮਾਮਲੇ ਹਨ। ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ 12 ਜੁਲਾਈ ਨੂੰ ਟੋਕੀਓ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ, ਜੋ 22 ਅਗਸਤ ਤੱਕ ਆਇਦ ਰਹੇਗੀ, ਪਰ ਇਸ ਦੇ ਬਾਵਜੂਦ ਨਿਯਮਤ ਰਿਪੋਰਟ ਹੋਣ ਵਾਲੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਜਾਪਾਨ ਵਿੱਚ ਕੋਵਿਡ-19 ਮਹਾਮਾਰੀ ਸ਼ੁਰੁੂ ਹੋਣ ਮਗਰੋਂ ਹੁਣ ਤੱਕ 8.53 ਲੱਖ ਕੇਸ ਸਾਹਮਣੇ ਆਏ ਹਨ ਤੇ 15100 ਲੋਕ ਆਪਣੀ ਜਾਨ ਗੁਆ ਚੁੱਕੇ ਹਨ। -ਪੀਟੀਆਈ
ਦੋ ਹੋਰ ਖਿਡਾਰੀਆਂ ਨੂੰ ਹੋਇਆ ਕਰੋਨਾ
ਟੋਕੀਓ: ਚੈੱਕ ਗਣਰਾਜ ਦੀ ਵਾਲੀਬਾਲ ਖਿਡਾਰਨ ਮਾਰਕੇਤਾ ਨੌਸ਼ਚੁ ਤੇ ਨੀਦਰਲੈਂਡ ਦੀ ਤਾਇਕਵਾਂਡੋ ਖਿਡਾਰਨ ਰੇਸ਼ਮੀ ਆਗਿੰਕ ਕੋਵਿਡ-19 ਜਾਂਚ ਦੌਰਾਨ ਪਾਜ਼ੇਟਿਵ ਨਿਕਲ ਆਈਆਂ ਹਨ। ਲਾਗ ਦੀ ਪੁਸ਼ਟੀ ਮਗਰੋਂ ਦੋਵਾਂ ਖਿਡਾਰਨਾਂ ਨੂੰ ਓਲੰਪਿਕ ਖੇਡਾਂ ਤੋਂ ਲਾਂਭੇ ਹੋਣਾ ਪੈ ਗਿਆ ਹੈ। ਦੋ ਨਵੇਂ ਕੇਸਾਂ ਨਾਲ ਖੇਡਾਂ ਨਾਲ ਜੁੜੇ ਖਿਡਾਰੀਆਂ ਦੇ ਕਰੋਨਾ ਦੀ ਜ਼ੱਦ ਵਿੱਚ ਆਉਣ ਵਾਲੇ ਕੁੱਲ ਕੇਸਾਂ ਦੀ ਗਿਣਤੀ 10 ਹੋ ਗਈ ਹੈ। ਚੈੱਕ ਗਣਰਾਜ ਦੇ ਤਿੰਨ ਅਥਲੀਟ ਤੇ ਇਕ ਕੋਚ ਟੋਕੀਓ ਪੁੱਜਣ ਮਗਰੋਂ ਕੋਵਿਡ-19 ਜਾਂਚ ਦੌਰਾਨ ਪਾਜ਼ੇਟਿਵ ਪਾਏ ਗਏ ਹਨ। ਚੈੱਕ ਓਲੰਪਿਕ ਕਮੇਟੀ ਨੇ ਖੇਡ ਦਲ ਵਿੱਚ ਕੋਵਿਡ-19 ਦੇ ਕੇਸ ਵਧਣ ਮਗਰੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਟੋਕੀਓ ਓਲੰਪਿਕ ਦੇ ਪ੍ਰਬੰਧਕਾਂ ਨੇ 12 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ, ਜਿਸ ਮਗਰੋਂ ਖੇਡਾਂ ਨਾਲ ਜੁੜੇ ਲਾਗ ਦੇ ਕੇਸਾਂ ਦੀ ਗਿਣਤੀ 87 ਤੱਕ ਪਹੁੰਚ ਗਈ ਹੈ। -ਪੀਟੀਆਈ
ਸੋਨ ਤਗ਼ਮਾ ਜੇਤੂਆਂ ਨੂੰ 75 ਲੱਖ ਰੁਪਏ ਦੇਵੇਗਾ ਆਈਓਏ
ਨਵੀਂ ਦਿੱਲੀ: ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਟੋਕੀਓ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਖਿਡਾਰੀ ਨੂੰ 75 ਲੱਖ ਰੁਪਏ ਦਾ ਨਗ਼ਦ ਪੁਰਸਕਾਰ ਤੇ ਖੇਡਾਂ ਵਿੱਚ ਸ਼ਾਮਲ ਹਰੇਕ ਰਾਸ਼ਟਰੀ ਖੇਡ ਫੈਡਰੇਸ਼ਨ (ਐੱਨਐੱਫਐੱਸ) ਨੂੰ ਬੋਨਸ ਵਜੋਂ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਆਈਓਏ ਦੀ ਸਲਾਹਕਾਰ ਕਮੇਟੀ ਨੇ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਖਿਡਾਰੀਆਂ ਨੂੰ 40 ਲੱਖ ਰੁਪਏ ਤੇ ਕਾਂਸੇ ਦਾ ਤਗ਼ਮਾ ਜੇਤੂਆਂ ਨੂੰ 25 ਲੱਖ ਰੁਪਏ ਦਾ ਨਗ਼ਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਤਗ਼ਮਾ ਜੇਤੂ ਐੱਨਐੱਫਐੱਸ ਨੂੰ 30 ਲੱਖ ਰੁਪਏ ਦਾ ਵਾਧੂ ਸਹਿਯੋਗ ਦੇਣ ਦੇ ਕਮੇਟੀ ਦੇ ਫੈਸਲੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਹੋਰਨਾਂ ਰਾਸ਼ਟਰੀ ਖੇਡ ਫੈਡਰੇਸ਼ਨਾਂ ਵਿੱਚੋਂ ਹਰੇਕ ਨੂੰ 15 ਲੱਖ ਰੁਪਏ ਦਾ ਸਹਿਯੋਗ ਮਿਲੇਗਾ। -ਪੀਟੀਆਈ