ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਅਪਰੈਲ
ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸਵੇਅ ਦੇ ਬਿੰਥਰੌਲੀ ਟੌਲ ਨੂੰ ਅੱਜ ਕਿਸਾਨਾਂ ਨੇ ਮੁੜ ਮੁਕਤ ਕਰਵਾ ਲਿਆ ਪਰ ਪਿੱਪਲੀ ਟੌਲ ਪਲਾਜ਼ਾ ਤੋਂ ਸ਼ਾਮ ਨੂੰ ਕਿਸਾਨ ਪਰਤਣ ਲੱਗੇ ਸਨ। ਦਸ ਦਿਨ ਪਹਿਲਾਂ ਕਿਸਾਨਾਂ ਵੱਲੋਂ ਮੁਕਤ ਕਰਵਾਏ ਗਏ ਟੌਲ, ਪ੍ਰਸ਼ਾਸਨ ਨੇ ਮੁੜ ਸ਼ੁਰੂ ਕਰਵਾ ਦਿੱਤੇ ਸਨ। ਕਿਸਾਨ ਅੱਜ ਫਿਰ ਬਿੰਥਰੌਲੀ ਪੁੱਜੇ ਤੇ ਟੌਲ ਮੁਕਤ ਕਰਵਾ ਦਿੱਤਾ। ਪਿੱਪਲੀ ਟੌਲ ਵੀ ਪਰਚੀ ਮੁਕਤ ਕਰਵਾ ਕੇ ਕਿਸਾਨਾਂ ਨੇ ਦੋ ਟੌਲ ਮੁਕਤ ਕਰਵਾਏ ਪਰ ਦੇਰ ਸ਼ਾਮ ਤਿੰਨ ਘੰਟੇ ਧਰਨਾ ਦੇਣ ਮਗਰੋਂ ਕਿਸਾਨਾਂ ਦੇ ਪਿੱਪਲੀ ਤੋਂ ਹਟਦਿਆਂ ਹੀ ਪ੍ਰਸ਼ਾਸਨ ਨੇ ਮੁੜ ਟੌਲ ਵਸੂਲਣਾ ਸ਼ੁਰੂ ਕਰ ਦਿੱਤਾ। ਦਿਨ ਭਰ ਪੁਲੀਸ ਤੇ ਕਿਸਾਨਾਂ ਦਰਮਿਆਨ ਤਕਰਾਰ ਜਾਰੀ ਰਹੀ। ਡੀਸੀਪੀ ਡਾ. ਰਵਿੰਦਰ ਤੇ ਐੱਸਡੀਐੱਮ ਖਰਖੋਦਾ ਸਵੇਰੇ ਹੀ ਮੌਕੇ ’ਤੇ ਪੁੱਜ ਗਏ ਸਨ। ਕਿਸਾਨ ਆਗੂ ਅਭਿਮੰਨਿਊ ਕੋਹਾੜ ਦੀ ਅਗਵਾਈ ਹੇਠ ਕਿਸਾਨ ਪਹਿਲਾਂ ਪਿੱਪਲੀ ਪੁੱਜੇ। ਪ੍ਰਸ਼ਾਸਨ ਨੇ ਕਿਸਾਨਾਂ ਨੂੰ ਵਿਕਲਪ ਦਿੱਤਾ ਕਿ ਕਿਸਾਨਾਂ ਦੇ ਵਾਹਨਾਂ ਨੂੰ ਪਰਚੀ ਮੁਕਤ ਲੰਘਾਇਆ ਜਾਵੇਗਾ ਤੇ ਹੋਰ ਗੱਡੀਆਂ ਤੋਂ ਵਸੂਲੀ ਕੀਤੀ ਜਾਵੇਗੀ। ਕਿਸਾਨਾਂ ਨੇ ਕਿਹਾ ਕਿ ਇਹ ਫ਼ੈਸਲਾ ਸੰਯੁਕਤ ਕਿਸਾਨ ਮੋਰਚਾ ਲਵੇਗਾ। ਇਸ ਮਗਰੋਂ ਕਿਸਾਨਾਂ ਨੇ ਉੱਥੇ ਬੈਠ ਕੇ ਲੰਗਰ ਛਕਿਆ। ਖ਼ਬਰ ਲਿਖੇ ਜਾਣ ਤੱਕ ਪਿੱਪਲੀ ਟੌਲ ਤੋਂ ਪਰਚੀ ਕੱਟੀ ਜਾਣ ਲੱਗੀ ਸੀ। ਕਿਸਾਨ ਆਗੂਆਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਦੋਂ ਤੱਕ ਹਰਿਆਣਾ ਦੇ ਸਾਰੇ ਟੌਲ ਪਲਾਜ਼ਾ ਟੈਕਸ ਮੁਕਤ ਰਹਿਣਗੇ ਤੇ ਜੇਕਰ ਸਰਕਾਰ ਧੱਕੇਸ਼ਾਹੀ ਕਰਦੀ ਹੈ ਤਾਂ ਉਸਦਾ ਭਾਰੀ ਵਿਰੋਧ ਹੋਵੇਗਾ।