ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਨਵੰਬਰ
‘ਕਿਰਤ ਦੇ ਦੇਵਤਾ’ ਵਜੋਂ ਜਾਣੇ ਜਾਂਦੇ ਬਾਬਾ ਵਿਸ਼ਵਕਰਮਾ ਦੇ ਜਨਮ ਦਿਵਸ ਮੌਕੇ 5 ਨਵੰਬਰ ਨੂੰ ਸਨਅਤੀ ਸ਼ਹਿਰ ਵਿੱਚ ਰਾਜ ਪੱਧਰਮੀ ਸਮਾਗਮ ਮਨਾਇਆ ਜਾਏਗਾ, ਜਿਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੇ ਪ੍ਰਬੰਧ ਕਰ ਲਏ ਹਨ। ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਇਸ ਵਾਰ ਸਮਾਗਮ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ। ਸਮਾਗਮ ਸਥਾਨਕ ਵਿਸ਼ਵਕਰਮਾ ਭਵਨ ਮਿਲਰ ਗੰਜ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਧਰਤੀ ’ਤੇ ਸ਼ਿਲਪਕਾਰੀ, ਆਰਕੀਟੈਕਚਰ ਤੇ ਇੰਜਨੀਅਰਿੰਗ ਦੇ ਸੰਸਥਾਪਕ ਨੂੰ ਸ਼ਰਧਾਂਜਲੀ ਵਜੋਂ ਸਮਾਗਮ ਬੇਮਿਸਾਲ ਢੰਗ ਨਾਲ ਕੀਤਾ ਜਾਵੇਗਾ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।