ਕੁਲਦੀਪ ਸਿੰਘ
ਚੰਡੀਗੜ੍ਹ, 8 ਜਨਵਰੀ
ਪੰਜਾਬ ਯੂਨੀਵਰਸਿਟੀ ਵਿੱਚ ਨਵੀਂ ਬਣੀ ਸੈਨੇਟ ਦੀ ਪਲੇਠੀ ਮੀਟਿੰਗ ਅੱਜ ਆਨਲਾਈਨ ਹੋਈ। ਵਾਈਸ ਚਾਂਸਲਰ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਸੰਸਦ ਮੈਂਬਰ ਕਿਰਨ ਖੇਰ ਸ਼ਾਮਲ ਨਹੀਂ ਹੋਏ। ਕਾਲਜ ਟੀਚਰਜ਼ ਐਸੋਸੀਏਸ਼ਨ ਕਾਂਸਟੀਚੁਐਂਸੀ ਅਤੇ ਫੈਕਲਟੀ ਕਾਂਸਟੀਚੁਐਂਸੀ ਦੇ ਕੁੱਲ 14 ਮੈਂਬਰਾਂ ਨੂੰ ਹਾਲੇ ਤੱਕ ਨੋਟੀਫਾਈ ਨਾ ਕੀਤੇ ਜਾਣ ਕਰਕੇ ਕੁਝ ਮੁੱਦਿਆਂ ਉੱਤੇ ਬਹਿਸ ਨਹੀਂ ਹੋ ਸਕੀ ਜਦਕਿ ਬਾਕੀ ਏਜੰਡੇ ਲਗਭਗ ਪਾਸ ਕਰ ਦਿੱਤੇ ਗਏ। ਅਦਾਲਤੀ ਹੁਕਮਾਂ ਕਾਰਨ ਡੈਂਟਲ ਪ੍ਰਮੋਸ਼ਨ ਪਾਲਿਸੀ ਦਾ ਮਤਾ ਪਾਸ ਕਰ ਦਿੱਤਾ ਗਿਆ ਜਿਸ ਬਾਰੇ ਜਲਦ ਹੀ ਕਮੇਟੀ ਗਠਿਤ ਕਰਨ ਦੀ ਸਹਿਮਤੀ ਬਣੀ। ਬਹੁਸੰਮਤੀ ਸੈਨੇਟਰਾਂ ਵੱਲੋਂ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਨੂੰ ਸੈਨੇਟ ਦੇ ਦਾਇਰੇ ਵਿੱਚ ਵੱਖ-ਵੱਖ ਕਮੇਟੀਆਂ ਗਠਿਤ ਕਰਨ ਅਤੇ ਸਿੰਡੀਕੇਟ ਦੀਆਂ ਚੋਣਾਂ ਦੀਆਂ ਤਰੀਕਾਂ ਨੂੰ ਅੰਤਿਮ ਰੂਪ ਦੇਣ ਲਈ ਅਧਿਕਾਰਤ ਕਰ ਦਿੱਤਾ ਗਿਆ। ਸੈਨੇਟ ਨੇ ਉਨ੍ਹਾਂ ਨੂੰ ਫੈਕਲਟੀਆਂ ਦੀ ਅਲਾਟਮੈਂਟ, ਸਿੰਡੀਕੇਟ ਦੇ ਮੈਂਬਰਾਂ ਦੀ ਚੋਣ, ਸਹਾਇਤਾ ਪ੍ਰਾਪਤ ਮੈਂਬਰਾਂ ਅਤੇ ਡੀਨ ਆਦਿ ਦੀਆਂ ਤਰੀਕਾਂ ਨਿਸ਼ਚਿਤ ਕਰਨ ਲਈ ਵੀ ਅਧਿਕਾਰਤ ਕੀਤਾ ਹੈ। ਕਰੋਨਾ ਮਹਾਮਾਰੀ ਦੌਰਾਨ ਸਿੰਡੀਕੇਟ ਅਤੇ ਸੈਨੇਟ ਦੀ ਪ੍ਰਵਾਨਗੀ ਦੀ ਉਮੀਦ ਵਿੱਚ ਵਾਈਸ ਚਾਂਸਲਰ ਵੱਲੋਂ ਲਏ ਗਏ ਸਾਰੇ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ।
ਸੈਨੇਟ ਨੇ ਫੋਰੈਂਸਿਕ ਸਾਇੰਸ ਅਤੇ ਕ੍ਰਿਮਿਨੋਲੌਜੀ ਵਿੱਚ ਐੱਮ.ਐੱਸ.ਸੀ. ਦੇ ਐੱਨ.ਆਰ.ਆਈ. ਵਿਦਿਆਰਥੀਆਂ ਲਈ ਨਵੇਂ ਫੀਸ ਢਾਂਚੇ ਤੇ ਖਰਚਿਆਂ ਨੂੰ ਪ੍ਰਵਾਨਗੀ ਦੇ ਦਿੱਤੀ। ਮੀਟਿੰਗ ਵਿੱਚ ਸੂਤਰਾਂ ਦੀ ਮੰਨੀਏ ਤਾਂ ਕੇਂਦਰੀ ਮੰਤਰੀ ਅਤੇ ਸੈਨੇਟਰ ਸੋਮ ਪ੍ਰਕਾਸ਼ ਨੇ ਮੀਟਿੰਗ ਦੀ ਸ਼ੁਰੂਆਤ ਵਿੱਚ ਭਾਵੇਂ ਬਕਾਇਦਾ ਲੋਕਤੰਤਰੀ ਢੰਗ ਨਾਲ ਮੀਟਿੰਗ ਕਰਨ ਦੀ ਹਦਾਇਤ ਦਿੱਤੀ ਸੀ ਪ੍ਰੰਤੂ ਇਸ ਦੇ ਬਾਵਜੂਦ ਮੀਟਿੰਗ ਵਿੱਚ ਵਿਰੋਧੀ ਗੁੱਟ (ਚੋਣ ਜਿੱਤ ਕੇ ਸੈਨੇਟਰ ਬਣੇ) ਮੈਂਬਰਾਂ ਨੇ ਦੋਸ਼ ਲਗਾਏ ਕਿ ਪਲੇਠੀ ਮੀਟਿੰਗ ਵਿੱਚ ਮੁੱਦੇ ਚੁੱਕੇ ਜਾਣ ਮੌਕੇ ਉਨ੍ਹਾਂ ਦੇ ਮਾਈਕ ‘ਮਿਊਟ’ ਕਰ ਦਿੱਤੇ ਜਾਂਦੇ ਰਹੇ ਜਦਕਿ ਨਾਮਜ਼ਦ ਕੀਤੇ ਗਏ ਅਤੇ ਜਾਂ ਫਿਰ ਸਿੱਧੇ/ਅਸਿੱਧੇ ਤੌਰ ’ਤੇ ਭਾਜਪਾ ਨਾਲ ਸਬੰਧਿਤ ਮੈਂਬਰਾਂ ਦੇ ਮਾਈਕ ‘ਅਨਮਿਊਟ’ ਰਹੇ ਅਤੇ ਉਨ੍ਹਾਂ ਨੂੰ ਆਪਣੀ ਗੱਲ ਪੂਰੀ ਕਰਨ ਦਾ ਮੌਕਾ ਦਿੱਤਾ ਜਾਂਦਾ ਰਿਹਾ।
ਪੂਟਾ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ, ਸੈਨੇਟਰ ਰਜਤ ਸੰਧੀਰ, ਜਤਿੰਦਰ ਗੋਇਲ ਆਦਿ ਦੇ ਮਾਈਕ ਮਿਊਟ ਕੀਤੇ ਜਾਂਦੇ ਰਹੇ। ਪੂਟਾ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ ਨੇ ਅਧਿਆਪਕਾਂ ਦੇ ਸੱਤਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਵਾਉਣ, ਕੈਸ਼ ਪ੍ਰਮੋਸ਼ਨਾਂ ਸਮੇਤ ਕਈ ਮੰਗਾਂ ਮੀਟਿੰਗ ਵਿੱਚ ਰੱਖੀਆਂ ਪ੍ਰੰਤੂ ਉਨ੍ਹਾਂ ਦਾ ਮਾਈਕ ਬੰਦ (ਮਿਊਟ) ਕਰ ਦਿੱਤਾ ਜਾਂਦਾ ਰਿਹਾ। ਸੈਨੇਟਰ ਡੀਪੀਐੱਸ ਰੰਧਾਵਾ ਨੇ ਕਿਹਾ ਕਿ ਕਾਲਜ ਟੀਚਰਜ਼ ਕਾਂਸਟੀਚੁਐਂਸੀ ਅਤੇ ਫੈਕਲਟੀ ਕਾਂਸਟੀਚੁਐਂਸੀ ਦੇ 14 ਮੈਂਬਰਾਂ ਨੂੰ ਜਲਦ ਤੋਂ ਜਲਦ ਨੋਟੀਫਾਈ ਕਰਕੇ ਸੈਨੇਟ ਵਿੱਚ ਸ਼ਾਮਲ ਕੀਤਾ ਜਾਵੇ।