ਲੀਸੈਸਟਰ, 24 ਸਤੰਬਰ
ਬਰਤਾਨੀਆ ਦੇ ਸ਼ਹਿਰ ਲੀਸੈਸਟਰ ’ਚ ਪਿਛਲੇ ਦਿਨੀਂ ਹਿੰਦੂ ਭਾਈਚਾਰੇ ਦੇ ਮੈਂਬਰਾਂ ’ਤੇ ਕੀਤੇ ਹਮਲਿਆਂ ’ਚ ਬਰਤਾਨੀਆ ਦੇ ਮਸ਼ਹੂਰ ਯੂਟਿਊਬਰ ਮੁਹੰਮਦ ਹਿਜਾਬ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਹੈ। ਗਲੋਬਲ ਆਰਡਰ ਦੀ ਰਿਪੋਰਟ ਅਨੁਸਾਰ ਲੋਕਾਂ ਨੂੰ ਮੁੱਖ ਤੌਰ ’ਤੇ ਭੜਕਾਉਣ ਵਾਲਾ ਮੁਹੰਮਦ ਹਿਜਾਬ ਸੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਭਾਰਤ ਵੱਲੋਂ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਟੀ-20 ਜਿੱਤਣ ਮਗਰੋਂ ਇਹ ਹਿੰਸਕ ਘਟਨਾਵਾਂ ਦਾ ਦੌਰ ਸ਼ੁਰੂ ਹੋਇਆ ਸੀ। ਪੁਲੀਸ ਅਨੁਸਾਰ 28 ਅਗਸਤ ਨੂੰ ਲੀਸੈਸਟਰਸ਼ਾਇਰ ’ਚ ਨੌਜਵਾਨਾਂ ਦੇ ਧੜਿਆਂ ਵਿਚਾਲੇ ਝੜਪ ਹੋਈ ਸੀ। ਇਸ ਘਟਨਾ ਦੇ ਸਬੰਧ ’ਚ ਹੁਣ ਤੱਕ 47 ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਹਿੰਦੂ ਭਾਈਚਾਰੇ ਦੇ ਲੋਕਾਂ ’ਤੇ ਹਮਲਿਆਂ ਸਬੰਧੀ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਗਲੋਬਲ ਆਰਡਰ ਦੀ ਰਿਪੋਰਟ ਅਨੁਸਾਰ ਇਨ੍ਹਾਂ ਘਟਨਾਵਾਂ ਦੀਆਂ ਕਈ ਵੀਡੀਓਜ਼ ’ਚ ਬਰਤਾਨਵੀ-ਮਿਸਰੀ ਮੁਹੰਮਦ ਹਿਜਾਬ ਹਿੰਸਕ ਭੀੜ ਦੀ ਅਗਵਾਈ ਕਰਦਾ ਤੇ ਮੁਸਲਮਾਨ ਨੌਜਵਾਨਾਂ ਨੂੰ ਹਿੰਦੂਆਂ ਖ਼ਿਲਾਫ਼ ਭੜਕਾਉਂਦਾ ਨਜ਼ਰ ਆ ਰਿਹਾ ਹੈ। ਰਿਪੋਰਟ ਅਨੁਸਾਰ ਪਿਛਲੇ ਸਾਲ ਬਰਤਾਨੀਆ ’ਚ ਯਹੂਦੀਆਂ ਖ਼ਿਲਾਫ਼ ਹਿੰਸਕ ਤੇ ਨਫਰਤੀ ਘਟਨਾਵਾਂ ਪਿੱਛੇ ਵੀ ਹਿਜਾਬ ਦਾ ਨਾਂ ਮੁੱਖ ਤੌਰ ’ਤੇ ਸਾਹਮਣੇ ਆਇਆ ਸੀ। -ਏਐੱਨਆਈ