ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੀਡੀਆ ਅਦਾਰਿਆਂ ਤੇ ਇਨਕਮ ਟੈਕਸ ਦੇ ਛਾਪਿਆਂ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਛਾਪੇ ਐੱਨਡੀਏ ਸਰਕਾਰ ਦੇ ਕਰੋਨਾ ਦੇ ਕੁਪ੍ਰਬੰਧਨ ਨੁੰ ਬੇਨਕਾਬ ਕਰਨ ਕਰਕੇ ਅਤੇ ਕੇਂਦਰ ਸਰਕਾਰ ਵੱਲੋਂ ਸਿਆਸਤਦਾਨਾਂ, ਪੱਤਰਕਾਰਾਂ ਤੇ ਕਾਰਕੁਨਾਂ ’ਤੇ ਇਜ਼ਰਾਈਲ ਦੀ ਕੰਪਨੀ ਪੈਗਾਸਸ ਰਾਹੀਂ ਨਜ਼ਰ ਰੱਖਣ ਦੀ ਗੱਲ ਉਜਾਗਰ ਕਰਨ ਕਰਕੇ ਮਾਰੇ ਗਏ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਐੱਨਡੀਏ ਸਰਕਾਰ ਦੈਨਿਕ ਭਾਸਕਰ ਤੇ ਭਾਰਤ ਸਮਾਚਾਰ ਗਰੁੱਪ ਨੂੰ ਸਿਰਫ਼ ਇਸ ਕਰ ਕੇ ਨਿਸ਼ਾਨਾ ਬਣਾ ਰਹੀ ਹੈ ਕਿਉਂਕਿ ਇਨ੍ਹਾਂ ਨੇ ਪੱਤਰਕਾਰੀ ਦੇ ਮਿਆਰ ਅਨੁਸਾਰ ਕੇਂਦਰ ਨੂੰ ਔਖੇ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਸੰਕਟ ਦੀ ਘੜੀ ਵਿਚ ਮੀਡੀਆ ਘਰਾਣਿਆਂ ਨਾਲ ਡਟ ਕੇ ਖੜ੍ਹਾ ਹੈ। ਸ੍ਰੀ ਬਾਦਲ ਨੇ ਕਿਹਾ ਕਿ ਦੈਨਿਕ ਭਾਸਕਰ ਨੇ ਕੇਂਦਰ ਤੇ ਕਈ ਰਾਜਾਂ ਵਿਚ ਕਰੋਨਾ ਨਾਲ ਨਜਿੱਠਣ ਦੇ ਮਾਮਲੇ ਵਿਚ ਕੁਪ੍ਰਬੰਧਨ ਨੂੰ ਬੇਨਕਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੈਨਿਕ ਭਾਸਕਰ ਦੇ ਦਫ਼ਤਰ ਵਿਚ ਮੌਜੂਦ ਮੁਲਾਜ਼ਮਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੇ ਮੋਬਾਈਲ ਜ਼ਬਤ ਕਰ ਲਏ ਗਏ ਤੇ ਰਾਤੀ ਕੰਮ ਕਰਨ ਵਾਲੇ ਵਰਕਰਾਂ ਨੂੰ ਤੰਗ ਕੀਤਾ ਗਿਆ ਤੇ ਦਫਤਰ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ੍ਹ ਨਾਲ ਇਸ ਤਰ੍ਹਾਂ ਵਰਤਾਰਾ ਸਹੀ ਨਹੀਂ ਹੈ। ਸ੍ਰੀ ਬਾਦਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਤੇ ਕਿਸਾਨ ਅੰਦੋਲਨ ਖ਼ਿਲਾਫ਼ ਵੀ ਇੰਜ ਹੀ ਬਦਲਾਖੋਰੀ ਦੀ ਨੀਤੀ ਅਪਣਾ ਰਹੀ ਹੈ।