ਹਰਜੀਤ ਸਿੰਘ
ਡੇਰਾਬੱਸੀ, 20 ਅਗਸਤ
ਦਲਿਤ ਸਫਾਈ ਸੇਵਕ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ ਹੇਠ ਪੁਲੀਸ ਨੇ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ, ਵਾਰਡ ਨੰਬਰ ਨੌਂ ਦੀ ਕੌਂਸਲਰ ਆਸ਼ਾ ਰਾਣੀ ਦੇ ਪਤੀ ਅਤੇ ਕਾਂਗਰਸੀ ਆਗੂ ਭੁਪਿੰਦਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਨ੍ਹਾਂ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈੱਡੀ ਸਣੇ ਕੌਂਸਲਰ ਦਾ ਪਤੀ ਭੁਪਿੰਦਰ ਸ਼ਰਮਾ ਅਤੇ ਕੌਂਸਲਰ ਦਾ ਲੜਕਾ ਵਰੁਣ ਸ਼ਰਮਾ ਨਾਮਜ਼ਦ ਹਨ ਜਦਕਿ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਦੇ ਆਗੂ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਂਗਰਸੀ ਕਾਰਕੁਨਾਂ ਨੇ ਪੁਲੀਸ ਸਟੇਸ਼ਨ ਦੇ ਬਾਹਰ ਧਰਨਾ ਦੇ ਕੇ ਕੇਸ ਸਿਆਸੀ ਦਬਾਅ ਹੇਠ ਦਰਜ ਕਰਨ ਦਾ ਦੋਸ਼ ਲਾਇਆ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਸੋਹਣ ਲਾਲ ਵਾਸੀ ਪਿੰਡ ਪਰਾਗਪੁਰ ਨੇ ਦੱਸਿਆ ਕਿ ਉਹ ਨਗਰ ਕੌਂਸਲ ਵਿੱਚ ਠੇਕੇਦਾਰ ਕੋਲ ਸਫ਼ਾਈ ਸੇਵਕ ਹੈ। ਲੰਘੀ ਪਹਿਲੀ ਅਗਸਤ ਨੂੰ ਉਹ ਠੇਕੇਦਾਰ ਦਾ ਟਰੈਕਟਰ ਲੈ ਕੇ ਸ਼ਕਤੀ ਨਗਰ ਵਾਲੇ ਪਾਸੇ ਜਾ ਰਿਹਾ ਸੀ। ਇਸ ਦੌਰਾਨ ਵਾਰਡ ਨੰਬਰ ਨੌਂ ਦੀ ਕੌਂਸਲਰ ਆਸ਼ਾ ਰਾਣੀ ਦਾ ਪਤੀ ਭੁਪਿੰਦਰ ਸ਼ਰਮਾ ਸੀਵਰੇਜ ਦਾ ਢੱਕਣ ਚੋਰੀ ਹੋਣ ਕਾਰਨ ਉਸ ਨਾਲ ਲੈ ਕੇ ਖਹਬਿੜ ਪਿਆ। ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਝਗੜਾ ਛੁੱਡਵਾ ਦਿੱਤਾ।
ਇਸ ਮਗਰੋਂ ਉਸ ’ਤੇ ਦਬਾਅ ਪਾਇਆ ਗਿਆ ਕਿ ਉਹ ਕੌਂਸਲਰ ਦੇ ਪਤੀ ਤੋਂ ਮੁਆਫ਼ੀ ਮੰਗੇ। ਚਾਰ ਅਗਸਤ ਨੂੰ ਉਸ ਨੂੰ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਦੇ ਦਫਤਰ ਬੁਲਾਇਆ ਗਿਆ। ਉਥੇ ਪਹਿਲਾਂ ਤੋਂ ਹੀ ਕੌਂਸਲ ਪ੍ਰਧਾਨ, ਭੁਪਿੰਦਰ ਸ਼ਰਮਾ ਅਤੇ ਹੋਰ ਕੌਂਸਲਰ ਬੈਠੇ ਸਨ। ਜਦੋਂ ਉਹ ਠੇਕੇਦਾਰ ਦੇ ਦਬਾਅ ਕਾਰਨ ਮੁਆਫ਼ੀ ਮੰਗਣ ਲਈ ਰਾਜ਼ੀ ਹੋਇਆ ਤਾਂ ਕੌਂਸਲਰ ਆਸ਼ਾ ਰਾਣੀ ਦੇ ਲੜਕੇ ਵਰੁਣ ਸ਼ਰਮਾ ਨੇ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਉਸ ’ਤੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਉਸ ਦੀ ਡੰਡਿਆਂ ਨਾਲ ਮਾਰਕੁੱਟ ਕੀਤੀ ਗਈ। ਸ਼ਿਕਾਇਕਰਤਾ ਨੇ ਦੋਸ਼ ਲਾਇਆ ਕਿ ਭੁਪਿੰਦਰ ਸ਼ਰਮਾ, ਉਸ ਦੇ ਲੜਕੇ ਵਰੁਣ ਸ਼ਰਮਾ ਅਤੇ ਪ੍ਰਧਾਨ ਰਣਜੀਤ ਸਿੰਘ ਰੈੱਡੀ ਸਣੇ ਹੋਰਨਾਂ ਵੱਲੋਂ ਜਾਤੀਸੂਚਕ ਸ਼ਬਦ ਬੋਲੇ ਗਏ।
ਇਸੇ ਦੌਰਾਨ ਡੀਐੱਸਪੀ (ਡੇਰਾਬੱਸੀ) ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਪੰਜ ਤਰੀਕ ਨੂੰ ਸ਼ਿਕਾਇਤ ਦਰਜ ਕੀਤੀ ਗਈ ਸੀ। ਮਾਮਲੇ ਦੀ ਪੜਤਾਲ ਕਰਨ ਮਗਰੋਂ ਅੱਜ ਕੇਸ ਦਰਜ ਕਰ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈੱਡੀ ਅਤੇ ਭੁਪਿੰਦਰ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਕੇਸ ਨਾਲ ਸਬੰਧਤ ਹੋਰ ਵਿਅਕਤੀ ਫ਼ਰਾਰ ਹਨ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਫ਼ਰਾਰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਕਾਂਗਰਸੀ ਕਾਰਕੁਨਾਂ ਵੱਲੋਂ ਪੁਲੀਸ ਸਟੇਸ਼ਨ ਅੱਗੇ ਧਰਨਾ
ਨਗਰ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ, ਅਤੇ ਕੌਂਸਲਰ ਆਸ਼ਾ ਰਾਣੀ ਦੇ ਪਤੀ ਭੁਪਿੰਦਰ ਸ਼ਰਮਾ ਖ਼ਿਲਾਫ਼ ਕੇਸ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿੱਚ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਅਤੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਪੁਲੀਸ ਸਟੇਸ਼ਨ ਦੇ ਬਾਹਰ ਧਰਨਾ ਦਿੱਤਾ। ਸ੍ਰੀ ਢਿੱਲੋਂ ਨੇ ਦੋਸ਼ ਲਾਇਆ ਕਿ ਭੁਪਿੰਦਰ ਸ਼ਰਮਾ ਅਤੇ ਸ਼ਿਕਾਇਤਕਰਤਾ ਸੋਹਣ ਲਾਲ ਵਿਚਾਲੇ ਰਾਜ਼ੀਨਾਮਾ ਹੋ ਗਿਆ ਸੀ ਜਿਸ ਦੀ ਕਾਪੀ ਅੱਜ ਪੁਲੀਸ ਨੂੰ ਦੇਣ ਲਈ ਕੌਂਸਲ ਪ੍ਰਧਾਨ ਅਤੇ ਭੁਪਿੰਦਰ ਸ਼ਰਮਾ ਥਾਣੇ ਵਿੱਚ ਆਏ ਸਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਸਿਆਸੀ ਦਬਾਅ ਹੇਠ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੇ ਕਿਹਾ ਕਿ ਕੇਸ ਰੱਦ ਕਰਵਾਉਣ ਲਈ ਸੰਘਰਸ਼ ਕੀਤਾ ਜਾਏਗਾ।