ਆਦਮਪੁਰ ਦੋਆਬਾ (ਜਲੰਧਰ): ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਾਂਝੇ ਉਪਰਾਲੇ ਤਹਿਤ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ) ਦੇ ਸਹਿਯੋਗ ਨਾਲ ਸਰੀਰਕ ਤੌਰ ’ਤੇ ਦਿਵਿਆਂਗ ਵਿਅਕਤੀਆਂ ਨੂੰ ਮੁਫ਼ਤ ਬਨਾਉਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਮੁਹੱਈਆ ਕਰਵਾਉਣ ਲਈ ਸੋਮਵਾਰ ਤੋਂ ਜ਼ਿਲ੍ਹੇ ਭਰ ’ਚ 12 ਬਲਾਕ ਪੱਧਰੀ ਅਸੈੱਸਮੈਂਟ ਕੈਂਪ ਲਾਏ ਜਾ ਰਹੇ ਹਨ। 22 ਅਗਸਤ ਤੋਂ 2 ਸਤੰਬਰ ਤੱਕ ਲੱਗਣ ਵਾਲੇ ਇਨ੍ਹਾਂ ਕੈਂਪਾਂ ਬਾਰੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਸੈੱਸਮੈਂਟ ਕੈਂਪਾਂ ਵਿੱਚ ਮਾਹਰ ਡਾਕਟਰਾਂ ਵੱਲੋਂ ਸਵੇਰੇ 9 ਵਜੇ ਤੋਂ ਦਿਵਿਆਂਗਾਂ ਨੂੰ ਮੁਫ਼ਤ ਬਨਾਉਟੀ ਅੰਗ ਅਤੇ ਜ਼ਰੂਰੀ ਸਹਾਇਤਾ ਸਮੱਗਰੀ ਲਈ ਅਸੈੱਸ ਕੀਤਾ ਜਾਵੇਗਾ, ਜਿਸ ਵਿੱਚ ਟਰਾਈ ਸਾਈਕਲ, ਵ੍ਹੀਲ ਚੇਅਰ, ਹੀਅਰਰਿੰਗ ਏਡ, ਬੈਸਾਖੀਆਂ, ਵਾਕਿੰਗ ਸਟਿੱਕ, ਐਮ. ਐਸ. ਆਈ. ਈ. ਡੀ. ਕਿੱਟਾਂ, ਬਨਾਵਟੀ ਅੰਗ ਤੇ ਕੈਲੀਪਰ, ਸੀ.ਪੀ. ਚੇਅਰ ਆਦਿ ਉਪਕਰਨ ਸ਼ਾਮਲ ਹਨ। -ਪੱਤਰ ਪ੍ਰੇਰਕ