ਪੱਤਰ ਪ੍ਰੇਰਕ
ਚੰਡੀਗੜ੍ਹ, 15 ਸਤੰਬਰ
ਸੀਟੀਯੂ ਵਿੱਚ ਪਿਛਲੇ ਸਾਲ ਸ਼ੁਰੂ ਹੋਇਆ ਇੰਟੈਲੀਜੈਂਟ ਟਰਾਂਸਪੋਰਟ ਸਿਸਟਮ ਕੰਡਕਟਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਚੁੱਕਾ ਰਿਹਾ ਹੈ। ਸਿਸਟਮ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਠੀਕ ਨਾ ਕੀਤੇ ਜਾਣ ਕਰਕੇ ਸਟਾਫ਼ ਵਿੱਚ ਪ੍ਰੇਸ਼ਾਨੀ ਦਾ ਮਾਹੌਲ ਹੈ। ਸੀਟੀਯੂ ਵਰਕਰਜ਼ ਯੂਨੀਅਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਕਈ ਵਾਰ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਗਈ ਹੈ ਪ੍ਰੰਤੂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਯੂਨੀਅਨ ਦੇ ਪ੍ਰਧਾਨ ਧਰਮਿੰਦਰ ਸਿੰਘ ਰਾਹੀ, ਚਰਨਜੀਤ ਸਿੰਘ ਢੀਂਡਸਾ, ਸਤਿੰਦਰ ਸਿੰਘ ਅਤੇ ਤੇਜਵੀਰ ਸਿੰਘ ਨੇ ਦੱਸਿਆ ਕਿ ਜੇਕਰ ਰੂਟ ਉਤੇ ਚੱਲ ਰਹੀ ਏਸੀ ਬੱਸ ਖਰਾਬ ਹੋ ਜਾਂਦੀ ਹੈ ਤਾਂ ਉਸ ਦੀ ਥਾਂ ਵਰਕਸ਼ਾਪ ਵਿੱਚ ਨਾਨ-ਏਸੀ ਬੱਸ ਸਪੇਅਰ ਖੜ੍ਹੀ ਹੁੰਦੀ ਹੈ ਪ੍ਰੰਤੂ ਇੰਟੈਲੀਜੈਂਟ ਟਰਾਂਸਪੋਰਟ ਸਿਸਟਮ ਉਸ ਬੱਸ ਨੂੰ ਰੂਟ ਉਤੇ ਭੇਜਣ ਦੀ ਇਜਾਜ਼ਤ ਨਹੀਂ ਦਿੰਦਾ। ਇਸ ਲਈ ਸਿਸਟਮ ਵਿੱਚ ਏਸੀ ਬੱਸ ਦੀ ਥਾਂ ਨਾਨ-ਏਸੀ ਬੱਸ ਚਲਾਉਣ ਦੀ ਵੀ ਸਹੂਲਤ ਹੋਣੀ ਚਾਹੀਦੀ ਹੈ ਜਿਸ ਨਾਲ ਪਬਲਿਕ ਨੂੰ ਬੱਸ ਸਰਵਿਸ ਮਿਲ ਸਕੇ ਅਤੇ ਵਿਭਾਗ ਦਾ ਵੀ ਵਿੱਤੀ ਨੁਕਸਾਨ ਨਾ ਹੋ ਸਕੇ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਕੰਡਕਟਰ ਤੋਂ ਲੋਕਲ ਬੱਸ ਸਰਵਿਸ ਵਿੱਚ ਸਵੇਰ ਤੇ ਸ਼ਾਮ ਦੀਆਂ ਦੋਵੇਂ ਸ਼ਿਫ਼ਟਾਂ ਪੂਰੀਆਂ ਹੋਣ ’ਤੇ ਇੱਕ ਵਾਰ ਹੀ ਕੈਸ਼ ਲਿਆ ਜਾਵੇ ਅਤੇ ਦੂਸਰੇ ਦਿਨ ਦੀ ਡਿਊਟੀ ਲਈ ਟਿਕਟ ਮਸ਼ੀਨ ਅਤੇ ਵੇਵਿਲ ਕੰਡਕਟਰ ਨੂੰ ਦਿੱਤਾ ਜਾਵੇ।