ਸਰਬਜੀਤ ਸਿੰਘ ਭੱਟੀ
ਲਾਲੜੂ, 12 ਅਕਤੂਬਰ
ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਅਤੇ ਇਲਾਕਾ ਵਾਸੀਆਂ ਵਿੱਚ ਸਰਕਾਰ ਪ੍ਰਤੀ ਲਗਾਤਾਰ ਰੋਸ ਵੱਧਦਾ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਅੱਜ ਕਿਸਾਨਾਂ ਨੇ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਦੱਪਰ ਟੌਲ ਪਲਾਜ਼ਾ ’ਤੇ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ। ਧਰਨੇ ਵਿੱਚ ਸ਼ਾਮਲ ਵੱਖ ਵੱਖ ਕਿਸਾਨ ਜਥੇਬੰਦੀਆਂ, ਸਿਆਸੀ ਪਾਰਟੀਆਂ, ਇਲਾਕੇ ਦੇ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਸਾਰਾ ਦਿਨ ਵਾਹਨਾਂ ਨੂੰ ਬਿਨਾਂ ਟੌਲ ਦਿੱਤੇ ਹੀ ਲੰਘਾਇਆ ਗਿਆ। ਦੂਜੇ ਪਾਸੇ ਰੇਲ ਪਟੜੀਆਂ ’ਤੇ ਲਾਲੜੂ ’ਚ ਦਿੱਤਾ ਜਾ ਰਿਹਾ ਕਿਸਾਨਾਂ ਦਾ ਰੋਸ ਧਰਨਾ 12ਵੇਂ ਦਿਨ ਵਿੱਚ ਦਾਖਲ ਹੋ ਗਿਆ। ਇਸ ਮੌਕੇ ਕਿਸਾਨ ਆਗੂ ਜਸਵੰਤ ਸਿੰਘ ਕੁਰਲੀ, ਰਾਜਿੰਦਰ ਸਿੰਘ ਢੋਲਾ, ਮਨਪ੍ਰੀਤ ਸਿੰਘ ਅਮਲਾਲਾ, ਕਰਮ ਸਿੰਘ ਕਾਰਕੌਰ ਸਮੇਤ ਸਮਾਜ ਸੇਵੀ, ਸਿਆਸੀ ਤੇ ਨੌਜਵਾਨ ਕਲੱਬਾਂ ਅਤੇ ਹੋਰ ਸੰਸਥਾਵਾਂ ਦੇ ਮੈਂਬਰਾਂ ਨੇ ਸਵੇਰੇ 11 ਵਜੇ ਟੌਲ ਪਲਾਜ਼ਾ ਦੱਪਰ ’ਤੇ ਪਹੁੰਚ ਕੇ ਸਾਰੇ ਟੌਲ ਬੈਰੀਅਰ ਖੋਲ੍ਹ ਦਿੱਤੇ।
ਫ਼ਤਹਿਗੜ੍ਹ ਸਾਹਿਬ (ਹਿਮਾਂਸ਼ੂ ਸੂਦ): ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਸ਼ੁਰੂ ਕੀਤੀ ਦਸਤਖ਼ਤ ਮੁਹਿੰਮ ‘ਮੈਂ ਕਿਸਾਨ ਵਿਰੋਧੀ ਕਾਨੂੰਨ ਦੇ ਖਿਲਾਫ਼ ਹਾਂ’ ਦੇ ਤਹਿਤ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ, ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਨਾਭਾ, ਬਸੀ ਪਠਾਣਾ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ ਵੱਲੋਂ ਅੱਜ ਰਸਮੀ ਆਗਾਜ਼ ਕੀਤਾ ਗਿਆ। ਇਸ ਦੀ ਸ਼ੁਰੂਆਤ ਅਨਾਜ ਮੰਡੀ ਸਰਹਿੰਦ ’ਚ ਕਿਸਾਨਾਂ, ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਦੀ ਮੌਜੂਦਗੀ ਵਿਚ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ ਅਤੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਦਸਤਖ਼ਤ ਕਰਕੇ ਕੀਤੀ।
ਰੂਪਨਗਰ (ਬਹਾਦਰਜੀਤ ਸਿੰਘ): ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਸ਼ੁਰੂ ਕੀਤੇ ਗਏ ਰੇਲ ਰੋਕੋ ਅੰਦੋਲਨ ਤਹਿਤ ਕਿਸਾਨਾਂ ਨੇ ਅੱਜ 12ਵੇਂ ਦਿਨ ਵੀ ਸਥਾਨਕ ਨੰਗਲ ਚੌਕ ਰੇਲਵੇ ਫਾਟਕ ਨੇੜੇ ਰੇਲ ਲਾਈਨ ’ਤੇ ਧਰਨਾ ਦਿੱਤਾ। ਅੱਜ ਕਿਸਾਨਾਂ ਨੇ ਸ਼ਹਿਰ ਵਿੱਚ ਪੈਂਦਾ ਰਿਲਾਇੰਸ ਸਟੋਰ, ਮਲਕਪੁਰ ਵਿਚ ਰਿਲਾਇੰਸ ਪੰਪ ਮੁਕੰਮਲ ਤੌਰ ’ਤੇ ਬੰਦ ਕਰਵਾ ਦਿੱਤਾ। ਇਸ ਮੌਕੇ ਗੁਰਨਾਮ ਸਿੰਘ ਜੱਸੜਾ, ਗੁਰਮੇਲ ਸਿੰਘ ਬਾੜਾ, ਪ੍ਰਗਟ ਸਿੰਘ ਰੋਲੂਮਾਜਰਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਅਜ਼ੀਜਪੁਰ ਦੇ ਟੌਲ ਪਲਾਜ਼ਾ ’ਤੇ ਨੌਜਵਾਨਾਂ ਨੇ ਮੋਰਚਾ ਸਾਂਭਿਆ
ਬਨੂੜ (ਕਰਮਜੀਤ ਸਿੰਘ ਚਿੱਲਾ): ਕਿਸਾਨ ਜਥੇਬੰਦੀਆਂ ਵੱਲੋਂ ਇੱਥੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਪਿੰਡ ਅਜ਼ੀਜਪੁਰ ਸਥਿਤ ਟੌਲ ਪਲਾਜ਼ਾ ’ਤੇ ਦਿੱਤਾ ਜਾ ਰਿਹਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੇਂਦਰੀ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਕਿਸਾਨਾਂ ਦੇ ਧਰਨੇ ਕਾਰਨ ਟੌਲ ਪਲਾਜ਼ਾ ’ਤੇ ਟੌਲ ਵਸੂਲਣ ਦਾ ਕੰਮ ਅੱਜ ਦੂਜੇ ਦਿਨ ਵੀ ਠੱਪ ਰਿਹਾ ਅਤੇ ਸਮੁੱਚੇ ਵਾਹਨ ਦੋਵੇਂ ਪਾਸੇ ਬਣੇ ਹੋਏ ਐਮਰਜੈਂਸੀ ਸਰਵਿਸ ਰੋਡ ਨੂੰ ਮੁਫ਼ਤ ਲੰਘਦੇ ਰਹੇ। ਟੌਲ ’ਤੇੇ ਲੱਗੇ ਧਰਨੇ ਵਿੱਚ ਵੱਡੀ ਪੱਧਰ ’ਤੇ ਨੌਜਵਾਨਾਂ ਨੇ ਸ਼ਿਰਕਤ ਕੀਤੀ। ਬਨੂੜ ਦੇ ਕਾਰ ਸੇਵਾ ਵਾਲੇ ਬਾਬਾ ਦਿਲਬਾਗ ਸਿੰਘ ਵੱਲੋਂ ਧਰਨਾਕਾਰੀਆਂ ਲਈ ਚਾਹ ਅਤੇ ਲੰਗਰਾਂ ਦੀ ਸੇਵਾ ਨਿਰੰਤਰ ਜਾਰੀ ਹੈ। ਅੱਜ ਕਿਸਾਨ ਯੂਨੀਅਨ ਏਕਤਾ-ਸਿੱਧੂਪੁਰ ਦੇ ਆਗੂ ਹਰਜੀਤ ਸਿੰਘ ਟਹਿਲਪੁਰਾ, ਸਵਰਨ ਸਿੰਘ ਮਹਿਮਦਪੁਰ, ਜਸਵੰਤ ਸਿੰਘ ਨੰਡਿਆਲੀ, ਤਰਲੋਚਨ ਸਿੰਘ, ਨੌਜਵਾਨ ਆਗੂ ਹਰਮਿੰਦਰ ਸਿੰਘ ਰਾਮਪੁਰ ਕਲਾਂ ਆਦਿ ਨੇ ਸੰਬੋਧਨ ਕੀਤਾ।
ਟੌਲ ਪਲਾਜ਼ਾ ਨੂੰ ਰੋਜ਼ਾਨਾ ਅੱਠ ਲੱਖ ਦਾ ਘਾਟਾ
ਅਜ਼ੀਜਪੁਰ ਟੌਲ ਪਲਾਜ਼ਾ ’ਤੇ ਟੌਲ ਇਕੱਤਰ ਕਰਨ ਵਾਲੀ ਐੱਮਐੱਸ ਨੂਰ ਮੁਹੰਮਦ ਕੰਪਨੀ ਦੇ ਮੈਨੇਜਰ ਲੋਕਿੰਦਰ ਸਿੰਘ ਨੇ ਦੱਸਿਆ ਕਿ ਇੱਥੋਂ ਚੌਵੀ ਘੰਟੇ ਵਿੱਚ 12 ਤੋਂ 13 ਹਜ਼ਾਰ ਵੱਡੇ ਛੋਟੇ ਵਾਹਨ ਲੰਘਦੇ ਹਨ। ਉਨ੍ਹਾਂ ਕਿਹਾ ਕਿ ਟੌਲ ਅਤੇ ਕਰਮਚਾਰੀਆਂ ਦੀ ਤਨਖਾਹ ਦਾ ਅੱਠ ਲੱਖ ਦੇ ਕਰੀਬ ਰੋਜ਼ਾਨਾ ਘਾਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਇਸ ਸਬੰਧੀ ਕੌਮੀ ਮਾਰਗ ਅਥਾਰਿਟੀ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਾ ਦਿੱਤਾ ਗਿਆ ਹੈ।
ਦਾਊਂ ਪੰਚਾਇਤ ਨੇ ਖੇਤੀ ਬਿੱਲਾਂ ਖ਼ਿਲਾਫ਼ ਮਤੇ ਪਾਏ
ਐੱਸ.ਏ.ਐੱਸ.ਨਗਰ (ਮੁਹਾਲੀ): ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਜਾਰੀ ਇਤਿਹਾਸਕ ਪਿੰਡ ਦਾਊਂ ਦੀ ਗਰਾਮ ਸਭਾ ਦਾ ਜਨਰਲ ਇਜਲਾਸ ਅੱਜ ਸਰਪੰਚ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਵੱਡੀ ਗਿਣਤੀ ਔਰਤਾਂ ਅਤੇ ਨੌਜਵਾਨਾਂ ਸਮੇਤ ਪੰਚਾਇਤ ਸਕੱਤਰ, ਹਰਦੀਪ ਸਿੰਘ, ਮੈਂਬਰ ਪੰਚਾਇਤ ਚਰਨਜੀਤ ਸਿੰਘ, ਗੁਰਮੀਤ ਸਿੰਘ, ਮਹਿੰਦਰ ਕੌਰ ਤੇ ਹੋਰ ਸ਼ਾਮਲ ਹੋਏ। ਅਜਮੇਰ ਸਿੰਘ, ਸਤਨਾਮ ਦਾਊਂ ਅਤੇ ਮਾਸਟਰ ਹਰਬੰਸ ਸਿੰਘ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਅਤੇ ਕਿਰਤ ਕਾਨੂੰਨਾਂ ਵਿੱਚ ਕੀਤੀ ਸੋਧ ਸਬੰਧੀ ਇਕੱਤਰਤਾ ਨੂੰ ਵਿਸਥਾਰ ਵਿੱਚ ਜਾਣੂ ਕਰਾਇਆ। ਇਸ ਮੌਕੇ ਖੇਤੀਬਾੜੀ ਅਤੇ ਨਵੇਂ ਕਿਰਤ ਕਾਨੂੰਨਾਂ ਨੂੰ ਰੱਦ ਕਰਨ ਸਮੁੱਚੇ ਇਜਲਾਸ ਨੇ ਹੱਥ ਖੜ੍ਹੇ ਕਰ ਕੇ ਸਰਬਸੰਮਤੀ ਨਾਲ ਮਤੇ ਪਾਸ ਕੀਤੇ।