ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 15 ਨਵੰਬਰ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨੀ ਨੂੰ ਬਰਬਾਦ ਕਰਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਧੱਕੇ ਨਾਲ ਥੋਪੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੇ ਰਾਹ ਪਏ ਕਿਸਾਨਾਂ ਨੇ ਘੋਲ ਤੇਜ਼ ਕਰਨ ਦਾ ਸੱਦਾ ਦਿੱਤਾ। ਧਰਨੇ ਦੇ 45ਵੇਂ ਦਿਨ ਦਿਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਕਿਸਾਨਾਂ ਨੇ ਸ਼ਹਿਰ ਦੇ ਬਾਜ਼ਾਰਾਂ ’ਚ ਮਸ਼ਾਲ ਮਾਰਚ ਕੱਢਦਿਆਂ ਮੋਦੀ ਜੁੰਡਲੀ ਖਿਲਾਫ ਨਾਅਰੇਬਾਜ਼ੀ ਕੀਤੀ। ਠੰਢ ਦੀ ਸ਼ੁਰੂਆਤ ਹੋਣ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਰੇਲਵੇ ਸਟੇਸ਼ਨ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਹਰਦੀਪ ਸਿੰਘ ਗਾਲਬਿ, ਜਗਰੂਪ ਦੇਹੜਕਾ, ਜਗਦੀਸ਼ ਚਾਹਲ, ਹਰਦੇਵ ਅਖਾੜਾ, ਹਰਇਕਬਾਲ ਰੂੰਮੀ ਤੇ ਸ਼ਿੰਗਾਰਾ ਸਿੰਘ ਢੋਲਣ ਨੇ ਆਖਿਆ ਕਿ ਕੇਂਦਰ ਸਰਕਾਰ ਦੇ ਖੇਤੀ ਅਤੇ ਰੇਲਵੇ ਮੰਤਰੀ ਨਾਲ ਕਿਸਾਨ ਆਗੂਆਂ ਦੀ 13 ਨਵੰਬਰ ਨੂੰ ਹੋਈ ਗੱਲਬਾਤ ਭਾਵੇਂ ਕਿਸੇ ਸਿੱਟੇ ’ਤੇ ਨਹੀਂ ਪਹੁੰਚੀ, ਪਰ ਕਿਸਾਨਾਂ ਦੇ ਤਰਕਾਂ ਅੱਗੇ ਹਕੂਮਤ ਦੇ ਦੋਵੇਂ ਮੰਤਰੀ ਲਾਜ਼ਵਾਬ ਹੋ ਗਏ। ਉਨ੍ਹਾਂ ਕਿਹਾ ਕਿ 26/27 ਨਵੰਬਰ ਨੂੰ ਜਥੇਬੰਦੀਆਂ ਵੱਲੋਂ ਦਿੱਲੀ ਘੇਰਨ ਦਾ ਉਲੀਕਿਆ ਪ੍ਰੋਗਰਾਮ ਨਵਾਂ ਇਤਿਹਾਸ ਸਿਰਜੇਗਾ ਅਤੇ ਮੋਦੀ ਹਕੂਮਤ ਦਾ ਸਿਰ ਚੜ੍ਹਿਆ ਗਰੂਰ ਤਹਿਸ-ਨਹਿਸ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਸੂਬੇ ਭਰ ’ਚ ਕਾਰਪੋਰੇਟ ਘਰਾਣਿਆਂ ਦੇ ਵਪਾਰਕ ਕੇਂਦਰਾਂ ਤੇ ਕਿਸਾਨਾਂ ਵੱਲੋਂ ਕਬਜ਼ੇ ਕਰਕੇ ਕੇਂਦਰੀ ਸੱਤਾ ਨੂੰ ਲਲਕਾਰਿਆ ਹੈ।
ਲੁਧਿਆਣਾ (ਖੇਤਰੀ ਪ੍ਰਤੀਨਿਧ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ, ਬਿਜਲੀ ਬਿੱਲ 2020 ਅਤੇ ਨਵੇਂ ਸੋਧੇ ਕਿਰਤ ਕਾਨੂੰਨਾਂ ਵਿਰੁੱਧ ਚੱਲ ਰਹੇ ਦੇਸ਼ ਵਿਆਪੀ ਕਿਸਾਨ-ਮਜ਼ਦੂਰ ਸੰਘਰਸ਼ ਨੂੰ ਹੋਰ ਤੇਜ਼ ਕਰਨ ਹਿੱਤ ਮਿਸ਼ਾਲਾਂ ਬਾਲਕੇ ਨਾਅਰੇਬਾਜ਼ੀ ਕਰਦਿਆਂ ਦੀਵਾਲੀ ਮਨਾਈ ਗਈ। ਇਨਕਲਾਬੀ ਕੇਂਦਰ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ, ਨੌਜਵਾਨ ਸਭਾ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਕਾਰਕੁਨਾਂ ਨੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਇਕੱਠੇ ਹੋ ਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ।
ਸੀਟੂ ਕਾਰਕੁਨਾਂ ਨੇ ਕਾਲੀ ਦੀਵਾਲੀ ਮਨਾਈ
ਗੁਰੂਸਰ ਸੁਧਾਰ (ਸੰਤੋਖ ਗਿੱਲ ): ਸੁਧਾਰ ਬਾਜ਼ਾਰ ਵਿਚ ਦੀਵਾਲੀ ਦੀ ਖ਼ਰੀਦੋ ਫ਼ਰੋਖ਼ਤ ਵਿਚ ਰੁੱਝੇ ਲੋਕ ਉਸ ਸਮੇਂ ਹੱਕੇ-ਬੱਕੇ ਰਹਿ ਗਏ ਜਦੋਂ ਸੀਟੂ ਕਾਰਕੁਨ ਅਚਾਨਕ ਹੱਥਾਂ ਵਿਚ ਮਸ਼ਾਲਾਂ ਅਤੇ ਕਾਲੇ ਝੰਡੇ ਲੈ ਕੇ ਮੋਦੀ ਸਰਕਾਰ ਵਿਰੁੱਧ ਨਾਅਰੇ ਮਾਰਦੇ ਮੰਦਿਰ ਰੋਡ ਤੋਂ ਲੁਧਿਆਣਾ ਬਠਿੰਡਾ ਰਾਜ ਮਾਰਗ ’ਤੇ ਆ ਗਏ। ਖੇਤੀ ਕਾਨੂੰਨਾਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸੀਟੂ ਆਗੂਆਂ ਨੇ ਕਿਹਾ ਕਿ ਹੰਕਾਰ ਨਾਲ ਭਰੀ ਮੋਦੀ ਸਰਕਾਰ ਪੰਜਾਬ ਦੇ ਲੋਕਾਂ ਤੋਂ ਬਦਲਾ ਲੈਣ ਲਈ ਆਰਥਿਕ ਨਾਕੇਬੰਦੀ ਕਰ ਰਹੀ ਹੈ। ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਤੇ ਮਗਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਦੀ ਅਗਵਾਈ ਵਿਚ ਖੇਤੀ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਦੇ ਹੱਕ ਵਿਚ ਸੀਟੂ ਵਰਕਰਾਂ ਨੇ ਸ਼ਹਿਰ ਵਿਚ ਮਸ਼ਾਲ ਮਾਰਚ ਕੀਤਾ ਅਤੇ ਆਪਣੇ ਘਰਾਂ ਉੱਪਰ ਕਾਲੇ ਝੰਡੇ ਲਾ ਕੇ ਕਾਲੀ ਦੀਵਾਲੀ ਮਨਾਈ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਡੈਮੋਕਰੈਟਿਕ ਟੀਚਰਜ਼ ਫ਼ਰੰਟ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਦੇ ਵਰਕਰਾਂ ਨੇ ਮੁੱਲਾਂਪੁਰ ਦਾਖਾ ਦੇ ਮੁੱਖ ਬਜ਼ਾਰ ਵਿਚ ਵੀ ਖੇਤੀ ਕਾਨੂੰਨਾਂ ਵਿਰੁੱਧ ਰੋਸ ਪ੍ਰਗਟ ਕਰਦਿਆਂ ਮਸ਼ਾਲ ਮਾਰਚ ਕੀਤਾ।