ਕੁਲਵਿੰਦਰ ਗਿੱਲ
ਕੁੱਪ ਕਲਾਂ, 15 ਨਵੰਬਰ
ਪਿੰਡ ਕੁਲਾਹੜ (ਲੁਧਿਆਣਾ) ਵਿੱਚ ਅਵਾਰਾ ਕੁੱਤਿਆਂ ਨੇ ਇੱਕ 9 ਸਾਲਾ ਬੱਚੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਹੈ। ਜ਼ਖ਼ਮੀ ਬੱਚੇ ਨੂੰ ਅਹਿਮਦਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੰਚਾਇਤ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦਾ ਫੌਰੀ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।
ਜ਼ਖ਼ਮੀ ਬੱਚੇ ਦੇ ਪਿਤਾ ਮਨਪ੍ਰੀਤ ਸਿੰਘ ਨੇ ਘਟਨਾ ਬਾਰੇ ਦੱਸਿਆ ਕਿ ਲੰਘੇ ਦਿਨ ਜਨਮ ਦਿਨ ਹੋਣ ਕਾਰਨ ਉਸਦਾ 9 ਸਾਲਾ ਪੁੱਤਰ ਸੁਖਜੀਤ ਸਿੰਘ ਘਰ ਦੇ ਨਜ਼ਦੀਕ ਹੀ ਖੇਤਾਂ ਵਿੱਚ ਹੋਰ ਬੱਚਿਆਂ ਨਾਲ ਖੇਡਣ ਗਿਆ ਸੀ। ਉਥੇ ਨਜ਼ਦੀਕ ਹੀ ਹੱਡਾ-ਰੋੜੀ ਬਣੀ ਹੋਈ ਹੈ ਜਿਥੇ ਅਕਸਰ ਅਵਾਰਾ ਕੁੱਤੇ ਘੁੰਮਦੇ ਰਹਿੰਦੇ ਹਨ। ਅਵਾਰਾ ਕੁੱਤਿਆਂ ਵੱਲੋਂ ਉਸਦੇ ਬੱਚੇ ’ਤੇ ਹਮਲਾ ਕਰਕੇ ਸਿਰ ਤੋਂ ਪੈਰਾਂ ਤੱਕ ਬੁਰੀ ਤਰ੍ਹਾਂ ਨੋਚਿਆ ਗਿਆ ਜਿਸਦੇ ਸਾਰੇ ਸਰੀਰ ’ਤੇ ਜ਼ਖ਼ਮ ਹਨ।
ਘਟਨਾ ਤੋਂ ਬਾਅਦ ਖੂਨ ਨਾਲ ਲੱਥਪੱਥ ਬੱਚੇ ਨੂੰ ਪਿੰਡ ਵਾਸੀਆਂ ਦੀ ਮੱਦਦ ਨਾਲ ਤੁਰੰਤ ਅਹਿਮਦਗੜ੍ਹ ਲਿਜਾਇਆ ਗਿਆ ਜਿਥੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਅਵਾਰਾ ਕੁੱਤਿਆਂ ਦਾ ਫੌਰੀ ਸਥਾਈ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਪੰਚਾਇਤ ਮਜ਼ਦੂਰ ਪਰਿਵਾਰ ਦੀ ਹਰ ਪੱਖੋਂ ਮਦਦ ਕਰੇਗੀ।