ਪੱਤਰ ਪ੍ਰੇਰਕ
ਬੰਗਾ, 24 ਸਤੰਬਰ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਖਟਕੜ ਕਲਾਂ ਵਿੱਚ ਕਿਹਾ ਕਿ ਦੇਸ਼ ਤੋਂ ਕੁਰਬਾਨ ਹੋਣ ਵਾਲੇ ਨਾਇਕਾਂ ਦੀ ਸੋਚ ਅਤੇ ਕੁਰਬਾਨੀ ਨੂੰ ਜਿਉਂਦਾ ਰੱਖਣ ਲਈ ਉਨ੍ਹਾਂ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਮਨਾਉਣੇ ਜ਼ਰੂਰੀ ਹਨ। ਅੱਜ ਖਟਕੜ ਕਲਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 28 ਸਤੰਬਰ ਨੂੰ ਮਨਾਏ ਜਾ ਰਹੇ ਸੂਬਾ ਪੱਧਰੀ ਜਨਮ ਦਿਹਾੜੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਆਏ ਮੰਤਰੀ ਅਨਮੋਲ ਗਗਨ ਮਾਨ ਨੇ ਆਖਿਆ ਕਿ ਭਗਤ ਸਿੰਘ ਜਿਹੇ ਸਾਡੇ ਨਾਇਕ ਹਮੇਸ਼ਾਂ ਸਾਡੀ ਸੋਚ ’ਚ ਜਿਉਂਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਨਮ ਦਿਹਾੜੇ ਮੌਕੇ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪੁੱਜਣਗੇ। ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹੀਦ-ਏ-ਆਜ਼ਮ ਦੇ ਜਨਮ ਦਿਹਾੜੇ ਵਾਲੇ ਦਿਨ ਘਰਾਂ ’ਚ ਮੋਮਬੱਤੀਆਂ ਜਗਾ ਕੇ ਅਤੇ ਬਨੇਰਿਆਂ ’ਤੇ ਤਿਰੰਗੇ ਲਹਿਰਾ ਕੇ ਉਨ੍ਹਾਂ ਨੂੰ ਯਾਦ ਕੀਤਾ ਜਾਵੇ।