ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਫਰਵਰੀ
ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਮੁਨਾਫ਼ਾ ਕਮਾਉਣ ਲਈ ਵੱਖ-ਵੱਖ ਯੋਜਨਾਵਾਂ ਵਿੱਚ ਨਿਵੇਸ਼ ਕਰਨ ਦੇ ਬਹਾਨੇ 200 ਤੋਂ ਵੱਧ ਲੋਕਾਂ ਨੂੰ ਠੱਗਣ ਦੇ ਦੋਸ਼ ਵਿੱਚ ਇੱਕ ਲਾਅ ਗਰੈਜੂਏਟ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹਿਮਾਂਸ਼ੂ ਸਿੰਘ ਉਰਫ਼ ਰਿਸ਼ੂ ਵਜੋਂ ਹੋਈ ਹੈ ਜੋ ਪ੍ਰਵੀਨ ਕੁਮਾਰ ਸਿੰਘ, ਵੀਨੂ ਸਿੰਘ ਤੇ ਦੀਪਕ ਕੁਮਾਰ ਸਿੰਘ ਨਾਲ ਮਿਲ ਕੇ ਇਹ ਰੈਕੇਟ ਚਲਾ ਰਿਹਾ ਸੀ। ਡੀਸੀਪੀ ਮੁਹੰਮਦ ਅਲੀ ਨੇ ਕਿਹਾ ਕਿ ਇਹ ਦੋਸ਼ ਲਗਾਇਆ ਗਿਆ ਸੀ ਕਿ ਪ੍ਰਵੀਨ, ਵੀਨੂ, ਦੀਪਕ ਤੇ ਹਿਮਾਂਸ਼ੂ ਜੈ ਮਾਂ ਲਕਸ਼ਮੀ ਕੋ-ਆਪਰੇਟਿਵ ਥ੍ਰੀਫਟ ਐਂਡ ਕ੍ਰੈਡਿਟ ਸੁਸਾਇਟੀ ਲਿਮਟਿਡ ਦੇ ਨਾਮ ‘ਤੇ ਇੱਕ ਸੁਸਾਇਟੀ ਚਲਾ ਰਹੇ ਸਨ ਤੇ ਮੰਡਾਵਲੀ, ਫਾਜਲਪੁਰ ਦਿੱਲੀ ਵਿੱਚ ਇੱਕ ਦੁਕਾਨ/ਕੱਪੜਾ ਸਟੋਰ ਅਰਪਿਤ ਦੇ ਨਾਂ ’ਤੇ ਚਲਾ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਚਾਰਜਸ਼ੀਟ ਕੀਤੀ ਗਈ ਸੀ। ਹਿਮਾਂਸ਼ੂ ਨੂੰ ਈਓਡਬਲਯੂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੇ ਸਥਾਨਕ ਮੰਡਾਵਲੀ, ਦਿੱਲੀ ਦੇ ਇਲਾਕੇ ਦੇ ਭੋਲੇ-ਭਾਲੇ ਲੋਕਾਂ ਨੂੰ ਉਕਸਾਇਆ ਜੋ ਉਨ੍ਹਾਂ ਦੀ ਦੁਕਾਨ ‘ਤੇ ਆ ਕੇ ਵਿਆਜ ਦੇਣ ਦੀਆਂ ਸਕੀਮਾਂ, ਲੋਨ ਸਕੀਮਾਂ, ਫਲੈਟ ਬੁਕਿੰਗ ਸਕੀਮਾਂ ਤੇ ਲੱਕੀ ਡਰਾਅ ਸਕੀਮਾਂ ਵਰਗੀਆਂ ਵੱਖ-ਵੱਖ ਸਕੀਮਾਂ ਵਿੱਚ ਨਿਵੇਸ਼ ਕਰਦੇ ਸਨ। ਡੀਸੀਪੀ ਨੇ ਕਿਹਾ ਕਿ ਉਨ੍ਹਾਂ ਮੰਡਾਵਲੀ, ਦਿੱਲੀ ਦੇ ਖੇਤਰ ਵਿੱਚ ਲਗਭਗ 200 ਭੋਲੇ ਭਾਲੇ ਲੋਕਾਂ ਨੂੰ ਯੋਜਨਾਵਾਂ ਵਿੱਚ ਨਿਵੇਸ਼ ਕਰਨ ਦੇ ਬਹਾਨੇ ਉੱਚ ਮੁਨਾਫ਼ਾ ਕਮਾਉਣ ਲਈ ਉਕਸਾਇਆ ਅਤੇ ਧੋਖਾ ਦਿੱਤਾ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਸੁਸਾਇਟੀ ਆਰਬੀਆਈ ਕੋਲ ਰਜਿਸਟਰਡ ਨਹੀਂ ਸੀ ਤੇ ਇਸ ਲਈ ਉਹ ਕਿਸੇ ਵੀ ਸਕੀਮ ਵਿੱਚ ਸਿੱਧੇ ਤੌਰ ’ਤੇ ਲੋਕਾਂ ਤੋਂ ਪੈਸੇ ਇਕੱਠੇ ਕਰਨ ਲਈ ਅਧਿਕਾਰਤ ਨਹੀਂ ਸਨ।