ਡੱਬਾ ਕੱਠਫੋੜਾ ਸੁੰਦਰ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘ਫੁਲਵਸ ਬਰੈਸਟਡ ਵੁੱਡਪੈਕਰ’ (Fulvous-breasted woodpecker) ਕਹਿੰਦੇ ਹਨ। ਇਹ ਭਾਰਤ, ਬੰਗਲਾਦੇਸ਼, ਭੂਟਾਨ, ਮਿਆਂਮਾਰ, ਨੇਪਾਲ ਅਤੇ ਪਾਕਿਸਤਾਨ ਵਿੱਚ ਮਿਲਦਾ ਹੈ। ਇਹ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਦੇਸ਼ ਦੇ ਕਈ ਰਾਜਾਂ ਵਿੱਚ ਵੇਖਿਆ ਜਾ ਸਕਦਾ ਹੈ। ਡੱਬਾ ਕੱਠਫੋੜਾ ਦਰਮਿਆਨੇ ਆਕਾਰ ਦਾ ਪੰਛੀ ਹੈ। ਇਸ ਦੀ ਪਿੱਠ ’ਤੇ ਪੌੜੀ ਦੀ ਤਰ੍ਹਾਂ ਸਮਾਨਾਂਤਰ ਕਾਲੀਆਂ ਅਤੇ ਚਿੱਟੀਆਂ ਪੱਟੀਆਂ ਹੁੰਦੀਆਂ ਹਨ। ਨਰ ਦਾ ਸਿਰ ਉੱਪਰ ਤੋਂ ਲਾਲ/ਸੰਤਰੀ ਅਤੇ ਮਾਦਾ ਦਾ ਕਾਲਾ ਹੁੰਦਾ ਹੈ। ਇਸ ਦਾ ਭਾਰ ਲਗਭਗ 25 ਤੋਂ 40 ਗ੍ਰਾਮ ਹੁੰਦਾ ਹੈ। ਨਰ ਦੇ ਸਿਰ ਉੱਤੇ ਲਾਲ ਵਾਲ ਅਤੇ ਮਾਦਾ ਦੇ ਸਿਰ ਉੱਤੇ ਕਾਲੇ ਵਾਲ ਹੁੰਦੇ ਹਨ। ਇਨ੍ਹਾਂ ਦੀ ਚੁੰਝ ਸਲੇਟੀ ਰੰਗੀ ਹੁੰਦੀ ਹੈ। ਕਾਲੀ ਧਾਰੀ ਇਨ੍ਹਾਂ ਦੀ ਚੁੰਝ ਤੋਂ ਲੈ ਕੇ ਗਰਦਨ ਦੇ ਪਾਸੇ ਵੱਲ ਘੁੰਮਦੀ ਹੋਈ ਫੈਲਦੀ ਹੈ। ਇਸ ਦੇ ਛਾਤੀ ਅਤੇ ਢਿੱਡ ਦੇ ਹੇਠਲੇ ਖੇਤਰ ਵਿੱਚ ਸਲੇਟੀ ਧਾਰੀਆਂ ਹੁੰਦੀਆਂ ਹਨ। ਇਹ ਪੰਛੀ ਆਪਣੇ ਰੰਗਾਂ ਕਰਕੇ ਸੁੰਦਰ ਨਜ਼ਰ ਆਉਂਦਾ ਹੈ।
ਇਸ ਕਠਫੋੜੇ ਦੀ ਜੰਗਲ ’ਤੇ ਨਿਰਭਰਤਾ ਘੱਟ ਹੁੰਦੀ ਹੈ। ਇਨ੍ਹਾਂ ਦੇ ਰਹਿਣ ਸਥਾਨਾਂ ਵਿੱਚ ਬੂਟੇ, ਉੱਚੇ ਰੁੱਖਾਂ ਵਾਲੀਆਂ ਥਾਵਾਂ ਆਦਿ ਸ਼ਾਮਲ ਹਨ। ਇਹ ਆਮ ਤੌਰ ’ਤੇ ਜ਼ਮੀਨੀ ਪੱਧਰ ਦੇ ਨੇੜੇ ਦਰੱਖਤ ਦੇ ਬਿਲਕੁਲ ਹੇਠਾਂ ਤੱਕ ਉੱਡਦੇ ਹਨ ਅਤੇ ਇਸ ਤਰ੍ਹਾਂ ਉਤਰਨ-ਚੜ੍ਹਨ ਵਿੱਚ ਫੁਰਤੀਲੇ ਹੁੰਦੇ ਹਨ। ਇਹ ਅਕਸਰ ਕੀੜੀਆਂ ਦੀ ਭਾਲ ਵਿੱਚ ਘੁੰਮਣ ਲਈ ਜ਼ਮੀਨ ’ਤੇ ਉਤਰਦੇ ਹਨ। ਇਹ ਦਰੱਖਤਾਂ ਦੇ ਟਾਹਣਿਆਂ ਜਾਂ ਤਣਿਆਂ ਵਿੱਚ ਜ਼ੋਰਦਾਰ ਢੰਗ ਨਾਲ ਆਪਣੀ ਚੁੰਝ ਬਾਰ ਬਾਰ ਮਾਰਦਾ ਹੈ। ਇਨ੍ਹਾਂ ਦੀ ਚੁੰਝ ਲੰਮੀ ਮਜ਼ਬੂਤ ਛੈਣੀ ਵਰਗੀ ਹੁੰਦੀ ਹੈ ਜੋ ਸੱਕ ਨੂੰ ਫਰੋਲਣ ਅਤੇ ਆਲ੍ਹਣਾ ਬਣਾਉਣ ਦੇ ਕੰਮ ਆਉਂਦੀ ਹੈ। ਇਨ੍ਹਾਂ ਦੀ ਜੀਭ ਚੁੰਝ ਨਾਲੋਂ ਕਾਫ਼ੀ ਲੰਮੀ ਅਤੇ ਖਰਵੀਂ ਹੁੰਦੀ ਹੈ। ਇਹ ਇਸ ਤਰ੍ਹਾਂ ਕੀੜੀਆਂ ਅਤੇ ਲਾਰਵੇ ਦੀ ਭਾਲ ਵਿੱਚ ਖੁਦਾਈ ਕਰਦੇ ਹਨ। ਇਨ੍ਹਾਂ ਦੀ ਖੁਰਾਕ ਵਿੱਚ ਮੁੱਖ ਤੌਰ ’ਤੇ ਕੀੜੇ ਹੁੰਦੇ ਹਨ। ਰੁੱਖਾਂ ’ਤੇ ਚਿੰਬੜੇ ਕੀੜੇ, ਕੀੜੀਆਂ ਦੇ ਲਾਰਵੇ, ਟਿੱਡੇ, ਟਿੱਡੀਆਂ, ਦੀਮਕ, ਫ਼ਲ, ਬੇਰੀਆਂ ਆਦਿ ਨੂੰ ਇਹ ਖਾਂਦੇ ਹਨ।
ਇਨ੍ਹਾਂ ਦਾ ਪ੍ਰਜਣਨ ਦਾ ਸਮਾਂ ਜ਼ਿਆਦਾਤਰ ਜਨਵਰੀ ਤੋਂ ਮਈ ਤੱਕ ਹੁੰਦਾ ਹੈ। ਨਰ, ਮਾਦਾ ਅੱਗੇ ਆਪਣੀ ਬੋਦੀ (ਕਰੈਸਟ) ਨੂੰ ਖੜ੍ਹੀ ਕਰਕੇ ਹਵਾ ਵਿੱਚ ਹੇਠਾਂ ਉੱਪਰ ਲੁੱਡੀਆਂ ਪਾਉਂਦਾ ਹੋਇਆ, ਹਵਾ ਵਿੱਚ ਲਹਿਰਾ ਕੇ ਉਲਟਬਾਜ਼ੀਆਂ ਮਾਰਦਾ ਹੋਇਆ ਪ੍ਰਜਣਨ ਦਾ ਇਜ਼ਹਾਰ ਕਰਦਾ ਹੈ। ਇਨ੍ਹਾਂ ਦੇ ਆਲ੍ਹਣੇ ਦਰੱਖਤਾਂ ਦੇ ਤਣੇ ਅਤੇ ਸ਼ਾਖਾਵਾਂ ਵਿੱਚ ਮੋਰੀ ਕਰਕੇ ਬਣਾਏ ਹੁੰਦੇ ਹਨ ਜੋ ਪ੍ਰਜਣਨ ਜੋੜੇ ਵੱਲੋਂ ਖੁਦਾਈ ਕੀਤੇ ਜਾਂਦੇ ਹਨ। ਮਾਦਾ ਦੋ ਤੋਂ ਚਾਰ ਚਿੱਟੇ ਆਂਡੇ ਦਿੰਦੀ ਹੈ। ਦੋਵੇਂ ਨਰ ਤੇ ਮਾਦਾ ਆਪਣੇ ਚੂਚਿਆਂ ਦੀ ਦੇਖਭਾਲ ਕਰਦੇ ਹਨ। ਡੱਬੇ ਕੱਠਫੋੜੇ ਨੂੰ ਆਈ.ਯੂ. ਸੀ.ਐੱਨ. ਨੇ ਕਿਸੇ ਖਤਰੇ ਦੇ ਨਿਸ਼ਾਨ ਹੇਠ ਨਹੀਂ ਦੱਸਿਆ। ਭਾਰਤ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਨੁਸਾਰ ਇਨ੍ਹਾਂ ਦੇ ਸ਼ਿਕਾਰ ’ਤੇ ਸਖ਼ਤ ਪਾਬੰਦੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910