ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 15 ਸਤੰਬਰ
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਅਫ਼ਗਾਨਿਸਤਾਨ ’ਚ ਸੰਭਾਵੀ ਹਵਾਈ ਹਮਲਿਆਂ ਲਈ ਭਾਰਤ ਦੇ ਸੰਪਰਕ ’ਚ ਹੈ। ਬਲਿੰਕਨ ਨੇ ਵਿਦੇਸ਼ ਮਾਮਲਿਆਂ ਬਾਰੇ ਸੈਨੇਟ ਦੀ ਕਮੇਟੀ ਨੂੰ ਦੱਸਿਆ ਕਿ ਪਾਕਿਸਤਾਨ ਨਾਲ ਸਬੰਧਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਦੇ ਤਾਲਿਬਾਨ ਨਾਲ ਸਬੰਧ ਉਜਾਗਰ ਹੋ ਰਹੇ ਹਨ। ਬਲਿੰਕਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਸਤੰਬਰ ਨੂੰ ਕੁਆਡ ਸੰਮੇਲਨ ਲਈ ਵਾਸ਼ਿੰਗਟਨ ਜਾਣਾ ਹੈ। ਕਾਂਗਰਸਮੈਨ ਮਾਰਕ ਗਰੀਨ ਵੱਲੋਂ ਅਫ਼ਗਾਨਿਸਤਾਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਬਲਿੰਕਨ ਨੇ ਕਿਹਾ ਕਿ ਕਤਰ ਅਤੇ ਦੋਹਾ ਦੂਰ ਪੈਂਦੇ ਹਨ ਪਰ ਅਫ਼ਗਾਨਿਸਤਾਨ ’ਤੇ ਭਾਰਤੀ ਜ਼ਮੀਨ ਤੋਂ ਹਮਲੇ ਸਟੀਕ ਰਹਿਣਗੇ। ਉਨ੍ਹਾਂ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਅਫ਼ਗਾਨਿਸਤਾਨ ’ਚ ਦਹਿਸ਼ਤਗਰਦਾਂ ਦੀ ਪਨਾਹਗਾਹ ਬਣਨ ’ਤੇ ਸੰਭਾਵੀ ਹਵਾਈ ਹਮਲਿਆਂ ਲਈ ਅਮਰੀਕਾ ਨੇ ਭਾਰਤ ਨਾਲ ਸੰਪਰਕ ਬਣਾਇਆ ਹੈ। ਬਲਿੰਕਨ ਨੇ ਜ਼ਿਆਦਾ ਵੇਰਵੇ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਭਾਰਤ ਨਾਲ ਅਮਰੀਕਾ ਦੇ ਵਧੀਆ ਸਬੰਧ ਹਨ। ਉਧਰ ਰਿਪਬਲਿਕਨ ਸੈਨੇਟਰ ਮਾਰਕੋ ਰੂਬੀਓ ਨੇ ਅਫ਼ਗਾਨਿਸਤਾਨ ਬਾਰੇ ਸੁਣਵਾਈ ਦੌਰਾਨ ਕਿਹਾ ਕਿ ਤਾਲਿਬਾਨ ਨੂੰ ਇਕਜੁੱਟ ਕਰਨ ’ਚ ਪਾਕਿਸਤਾਨ ਦੀ ਭੂਮਿਕਾ ਨੂੰ ਅਣਗੌਲਿਆ ਕਰਨ ਲਈ ਅਮਰੀਕੀ ਸਰਕਾਰਾਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਹ ਕੱਟੜਵਾਦੀਆਂ ਦੀ ਜਿੱਤ ਹੈ ਅਤੇ ਇਸਲਾਮਾਬਾਦ ਵੱਲੋਂ ਕਾਬੁਲ ’ਚ ਨਿਭਾਈ ਜਾ ਰਹੀ ਭੂਮਿਕਾ ਭਾਰਤ ਲਈ ਵਧੀਆ ਸੰਦੇਸ਼ ਨਹੀਂ ਹੈ।