ਕਰਮਵੀਰ ਸਿੰਘ ਸੈਣੀ
ਮੂਨਕ, 21 ਫਰਵਰੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸੰਗਰੂਰ ਇਕਾਈ, ‘ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ’ ਦੇ ਸਹਿਯੋਗ ਨਾਲ ਯੂਨਿਵਰਸਿਟੀ ਕਾਲਜ, ਮੂਨਕ (ਸੰਗਰੂਰ) ਵਿੱਚ ਪੁਰਾਤਨ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ‘ਫਸਲਾਂ ਦੀ ਰਹਿੰਦ-ਖੁੰਹਦ ਦਾ ਪ੍ਰਬੰਧਨ’ ਪ੍ਰਾਜੈਕਟ ਅਧੀਨ ਵਿਰਾਸਤ ਮੇਲਾ-2021 ਲਗਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਮੁੱਖ ਮਹਿਮਾਨ ਡਾ. ਮਨਦੀਪ ਸਿੰਘ ਨੇ ਵਿਦਿਆਰਥੀਆਂ ਵੱਲੋਂ ਕੱਢੀ ਪ੍ਰਦੂਸ਼ਣ ਮੁਕਤ ਵਾਤਾਵਰਨ ਰੈਲੀ ਨੂੰ ਹਰੀ ਝੱਡੀ ਦੇ ਕੇ ਰਵਾਨਾ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਰਾਜਿੰਦਰ ਸਿੰਘ ਨੇ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਸਾਡੇ ਸਮਾਜ ਅਤੇ ਸੱਭਿਆਚਾਰ ਲਈ ਬਹੁਤ ਹੀ ਮਹੱਤਵਪੂਰਨ ਹਨ, ਜਿਥੇ ਇਹ ਸਾਨੂੰ ਸਾਡੀ ਵਿਰਾਸਤ ਨਾਲ ਜੋੜਦੇ ਹਨ, ਉਥੇ ਹੀ ਨਵੀਂ ਪੀੜੀ ਨੂੰ ਚੰਗੀ ਸਿੱਖਿਆ ਤੇ ਸੇਧ ਦੇਣ ਵਿੱਚ ਸਹਾਈ ਹੁੰਦੇ ਹਨ। ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਦੇ ਪ੍ਰੋਫੈਸਰ ਡਾ. ਮਨਦੀਪ ਸਿੰਘ ਨੇ ਪਰਾਲੀ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਦੇ ਨੁਕਤਿਆਂ ਤੇ ਗੱਲਬਾਤ ਕੀਤੀ। ਡਾ. ਸੁਨੀਲ ਕੁਮਾਰ ਨੇ ਪਸ਼ੂ-ਪਾਲਣ ਅਤੇ ਡਾ. ਰਵਿੰਦਰ ਕੌਰ ਨੇ ਖੁੰਭਾਂ ਦੀ ਖੇਤੀ ਬਾਰੇ, ਇਨ੍ਹਾਂ ਦੋਹਾਂ ਧੰਦਿਆਂ ਦੀ ਸਹੀ ਉਪਯੋਗਿਕ ਵਰਤੋਂ ਬਾਰੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਦਿਲਬਾਗ ਸਿੰਘ ਅਤੇ ਕੋ-ਆਰਡੀਨੇਟਰ ਡਾ. ਹਰਜੀਤ ਕੌਰ ਅਤੇ ਪ੍ਰੋ. ਸੰਦੀਪ ਰਾਣੀ ਨੇ ਕਿਹਾ ਕਿ ਇਹ ਵਿਰਾਸਤ ਮੇਲਾ ਕਰਵਾਉਣ ਦਾ ਮੁੱਖ ਮਕਸਦ ਆਪਣੇ ਵਿਰਸੇ ਨੂੰ ਸੰਭਾਲਣ ਦਾ ਯਤਨ ਕਰਨਾ ਹੈ ਕਿਉਂਕਿ ਬਹੁਤ ਸਾਰੀਆਂ ਬੇਮੁੱਲੀਆਂ ਵਸਤੂਆਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਇਸ ਪ੍ਰੋਗਰਾਮ ਵਿੱਚ ਪ੍ਰੋ. ਜਸਕਰਨ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸਭਿਆਚਾਰਕ ਗੀਤਾਂ ਰਾਹੀਂ ਮੇਲੇ ਦਾ ਖੂਬਸੂਰਤ ਰੰਗ ਬੰਨ੍ਹਿਆਂ।