ਰਮੇਸ਼ ਭਾਰਦਵਾਜ
ਲਹਿਰਾਗਾਗਾ, 21 ਫਰਵਰੀ
ਲਹਿਰਾਗਾਗਾ ਸ਼ਹਿਰ ਦੇ ਨਾਂ ਨੂੰ ਲੈ ਕੇ ਇਲਾਕਾ ਵਾਸੀਆਂ ’ਚ ਭੰਬਲਭੂਸਾ ਜਾਰੀ ਹੈ। ਹਾਲ ਇਹ ਹੈ ਕਿ ਅੱਧੇ ਤੋਂ ਵੱਧ ਸਰਕਾਰੀ ਕਾਗਜ਼ਾਂ ਵਿੱਚ ਲਹਿਰਾਗਾਗਾ ਅਤੇ ਚੋਣ ਕਮਿਸ਼ਨ, ਮਾਲ ਤੇ ਪੁਲੀਸ ਵਿਭਾਗ ਵਿੱਚ ਸਿਰਫ਼ ਲਹਿਰਾ ਹੈ। ਇਹ ਦੋ ਨਾਵਾਂ ਨੇ ਵਸਨੀਕਾਂ ਲਈ ਸਮੱਸਿਆ ਪੈਦਾ ਕਰ ਦਿੱਤੀ ਹੈ। ਇਥੋਂ ਦੇ ਸਮਾਜ ਸੇਵੀ ਚੰਦਰ ਸ਼ੇਖਰ ਆਜ਼ਾਦ ਕਲੱਬ ਦੇ ਬੁਲਾਰੇ ਹਰਜਿੰਦਰ ਪਾਲ ਸ਼ਰਮਾ ਅਤੇ ਨਗਰ ਸੁਧਾਰ ਸਭਾ ਦੇ ਬੁਲਾਰੇ ਇੰਜ. ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਡੇਢ ਦਹਾਕੇ ਤੋਂ ਇਸ ਸ਼ਹਿਰ ਦੇ ਨਾਂ ਨੂੰ ਚੁੱਪ-ਚੁਪੀਤੇ ਤਬਦੀਲ ਕਰ ਦਿੱਤਾ ਸੀ, ਜੋ ਇਸ ਦੀ ਹੋਂਦ ਲਈ ਵੀ ਖਤਰਾ ਬਣ ਸਕਦਾ ਹੈ। ਪੇਂਡੂ ਤੇ ਸ਼ਹਿਰੀ ਵਿਕਾਸ ਨਿਗਰਾਨ ਕਮੇਟੀ ਦੇ ਪ੍ਰਧਾਨ ਦੀਪਕ ਜੈਨ, ਕੌਂਸਲਰ ਗੋਰਵ ਗੋਇਲ, ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਅਸ਼ੌਕ ਮਸਤੀ, ਸੁਭਾਸ਼ ਗਾਗਾ ਸਣੇ ਹੋਰਾਂ ਨੇ ਦੱਸਿਆ ਕਿ ਲੋਕਾਂ ਨੂੰ ਆਪਣੇ ਦਸਤਾਵੇਜ਼ਾਂ ਵਿੱਚ ਸ਼ਹਿਰ ਦਾ ਨਾਮ ਲਹਿਰਾਗਾਗਾ, ਤਹਿਸੀਲ ਲਹਿਰਾ ਜ਼ਿਲ੍ਹਾ ਸੰਗਰੂਰ ਵਾਲਾ ਪਤਾ ਸਰਕਾਰੀ ਕਾਗਜ਼ਾਂ ਵਿੱਚ ਦਰਜ ਕਰਨਾ ਪੈ ਰਿਹਾ ਹੈ, ਜਿਸ ਕਰ ਕੇ ਲੋਕ ਹੈਰਾਨ ਹਨ ਕਿ ਆਖਿਰ ਇਹ ‘ਲਹਿਰਾ’ ਕਿਥੇ ਹੈ? ਕਿਉਂਕਿ ਇਥੇ ਲਹਿਰਾ ਦਾ ਕੋਈ ਵਜੂਦ ਨਹੀਂ ਹੈ, ਸਿਰਫ ਲਹਿਰਾਗਾਗਾ ਵਸਿਆ ਹੈ। ਜ਼ਿਕਰਯਗ ਹੈ ਕਿ ਅਹਿਮਦਗੜ੍ਹ ਕੋਲ ਇਕੱਲਾ ਲਹਿਰਾ ਪਿੰਡ ਹੈ। ਜਦੋਂ ਕਿ ਲਹਿਰਾਗਾਗਾ ਦਾ ਵਜੂਦ ਤਾਂ ਲੋਕਾਂ ਨੂੰ ਸ਼ਰ੍ਹੇਆਮ ਇਥੇ 115 ਸਾਲ ਪੁਰਾਣੇ ਰੇਲਵੇ ਸਟੇਸ਼ਨ, ਮਾਰਕੀਟ ਕਮੇਟੀ, ਨਗਰ ਕੌਂਸਲ, ਡਾਕ ਘਰ, ਸਟੇਟ ਬੈਂਕ ਆਫ ਇੰਡੀਆ ਸਮੇਤ ਹੋਰ ਖੁੱਲ੍ਹੇ ਸਰਕਾਰੀ ਦਫ਼ਤਰਾਂ ’ਤੇ ਦੇਖਣ ਨੂੰ ਮਿਲਦਾ ਹੈ। ਤਤਕਾਲੀ ਡੀਸੀ ਨੇ ਦੱਸਿਆ ਕਿ ਲਹਿਰਾਗਾਗਾ ’ਚ ਦੋ ਕਾਨੂੰਗੋਈਆਂ ਲਹਿਰਾ ਅਤੇ ਗਾਗਾ ਵੱਖ ਵੱਖ ਹਨ, ਜਿਸ ਕਰਕੇ ਸਿਰਫ ਲਹਿਰਾ ਨੂੰ ਮਾਨਤਾ ਦਿੱਤੀ ਸੀ। ਜਥੇਬੰਦੀਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਲਹਿਰਾ ਨੂੰ ਲਹਿਰਾਗਾਗਾ ਵਜੋਂ ਮਾਨਤਾ ਦੇ ਕੇ ਭੁਲੇਖਾ ਦੂਰ ਕੀਤਾ ਜਾਵੇ।