ਲਖਨਊ, 21 ਜੁਲਾਈ
ਉੱਤਰ ਪ੍ਰਦੇਸ਼ ਵਿੱਚ ਵੱਖ ਵੱਖ ਥਾਈਂ ਆਸਮਾਨੀ ਡਿੱਗਣ ਕਾਰਨ 14 ਜਣਿਆਂ ਦੀ ਮੌਤ ਹੋ ਗਈ, ਜਦਕਿ 16 ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਦਿੰਦਿਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਚਾਰ-ਚਾਰ ਲੱਖ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਰਾਹਤ ਕਮਿਸ਼ਨਰ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਵੇਰਵਿਆਂ ਅਨੁਸਾਰ ਬਿਜਲੀ ਡਿੱਗਣ ਕਾਰਨ ਬਾਂਦਾ ਵਿੱਚ ਚਾਰ, ਫਤਿਹਪੁਰ ਵਿੱਚ ਦੋ ਅਤੇ ਬਲਰਾਮਪੁਰ, ਚੰਦੌਲੀ, ਬੁਲੰਦਸ਼ਹਿਰ, ਰਾਏ ਬਰੇਲੀ, ਅਮੇਠੀ, ਕੌਸ਼ਾਂਬੀ, ਸੁਲਤਾਨਪੁਰ ਤੇ ਚਿਤਰਾਕੂਟ ਜ਼ਿਲ੍ਹਿਆਂ ਵਿੱਚ ਇੱਕ-ਇੱਕ ਮੌਤ ਹੋਈ ਹੈ। ਅਧਿਕਾਰੀਆਂ ਅਨੁਸਾਰ ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਜ਼ਖ਼ਮੀਆਂ ਦਾ ਬਿਹਤਰ ਇਲਾਜ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। -ਪੀਟੀਆਈ