ਅੰਮ੍ਰਿਤਸਰ, 21 ਜੁਲਾਈ
ਇੱਥੇ ਵਾਹਗਾ-ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਪਰਤ ਰਹੇ ਤਿੰਨ ਭਾਰਤੀਆਂ ਦੇ ਕਬਜ਼ੇ ’ਚੋਂ ਪਾਕਿਸਤਾਨੀ ਅਧਿਕਾਰੀਆਂ ਨੇ ਕੁੱਝ ਪਿਸਤੌਲਾਂ ਬਰਾਮਦ ਕਰ ਕੇ ਤਿੰਨੋਂ ਜਣਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਤਿੰਨੋਂ ਵਿਅਕਤੀਆਂ ਨੂੰ ਪਾਕਿਸਤਾਨੀ ਕਸਟਮ ਵਿਭਾਗ ਵੱਲੋਂ ਬੁੱਧਵਾਰ ਨੂੰ ਉਸ ਵੇਲੇ ਹਿਰਾਸਤ ਵਿੱਚ ਲਿਆ ਗਿਆ ਸੀ, ਜਦੋਂ ਉਹ ਪਾਕਿਸਤਾਨ ਸਰਹੱਦ ਤੋਂ ਭਾਰਤ ਵਿੱਚ ਦਾਖ਼ਲ ਹੋਣ ਲੱਗੇ ਸਨ। ਅਧਿਕਾਰੀਆਂ ਨੇ ਕਿਹਾ ਕਿ ਤਿੰਨੋਂ ਜਣੇ ਇੱਕੋ ਪਰਿਵਾਰ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚ ਪਤੀ, ਪਤਨੀ ਤੇ ਪੁੱਤਰ ਸ਼ਾਮਲ ਹੈ ਅਤੇ ਉਹ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਨਾਲ ਸਬੰਧਤ ਹਨ। ਸਮਝਿਆ ਜਾ ਰਿਹਾ ਹੈ ਕਿ ਉਹ ਕਰੀਬ ਇੱਕ ਮਹੀਨਾ ਪਹਿਲਾਂ ਕਿਸੇ ਪਰਿਵਾਰਕ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸਨ ਅਤੇ ਬੀਤੇ ਦਿਨ ਵਾਪਸ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਸਾਮਾਨ ਵਿੱਚੋਂ ਪਿਸਤੌਲਾਂ ਬਰਾਮਦ ਹੋਈਆਂ ਹਨ। ਅਟਾਰੀ ਸਰਹੱਦ ’ਤੇ ਤਾਇਨਾਤ ਸੁਰੱਖਿਆ ਕਰਮੀਆਂ ਵੱਲੋਂ ਘੁਸਪੈਠ ਦੇ ਨਾਲ ਨਸ਼ਿਆਂ ਤੇ ਹੋਰ ਸਾਮਾਨ ਦੀ ਤਸਕਰੀ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। -ਪੀਟੀਆਈ