ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਫਰਵਰੀ
ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਅੱਜ ਸੈਕਟਰ-28 ਦੇ ਕੇਂਦਰੀ ਸਿੰਘ ਸਭਾ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸ਼ਾਮਲ ਸਿੱਖ ਹਸਤੀਆਂ/ ਬੁੱਧੀਜੀਵੀਆਂ ਨੇ ਗੁਰਦੁਆਰਾ ਪ੍ਰਬੰਧਾਂ ਬਾਰੇ ਚਰਚਾ ਕਰਨ ਲਈ ਅਪਰੈਲ ਵਿੱਚ ਪੰਥਕ ਅਸੈਂਬਲੀ ਬੁਲਾਉਣ ਦਾ ਫ਼ੈਸਲਾ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੰਜ ਸਾਲ ਲੰਬੀ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਨਨਕਾਣਾ ਸਾਹਿਬ ਸਾਕੇ, ਗੁਰੂ ਕੇ ਬਾਗ਼ ਆਦਿ ਘਟਨਾਵਾਂ ਵਿੱਚ 400 ਤੋਂ ਵੱਧ ਸਿੱਖਾ ਨੇ ਸ਼ਹੀਦੀਆਂ ਦਿੱਤੀਆਂ ਤੇ 20 ਹਜ਼ਾਰ ਤੋਂ ਵੱਧ ਜ਼ਖ਼ਮੀ ਹੋਏ। ਇਸ ਸ਼ਤਾਬਦੀ ਦੇ ਅਵਸਰ ’ਤੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਮੋਰਚੇ ਨੂੰ ਤਨ, ਮਨ ਤੇ ਧਨ ਨਾਲ ਸਹਿਯੋਗ ਦੇਣ। ਉਹ ਕੋਈ ਵੀ ਅਜਿਹਾ ਕਦਮ ਨਾ ਚੁੱਕਣ ਜਿਸ ਨਾਲ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਬਲ ਮਿਲੇ ਅਤੇ ਕਿਸਾਨੀ ਮੋਰਚੇ ਵਿੱਚ ਫੁੱਟ ਪਵੇ ਅਤੇ ਕਿਸਾਨੀ ਸੰਘਰਸ਼ ਕਮਜ਼ੋਰ ਹੋਵੇ। ਇਸ ਮੌਕੇ ਗਿਆਨੀ ਕੇਵਲ ਸਿੰਘ, ਜਸਵਿਦਰ ਸਿੰਘ ਐਡਵੋਕੇਟ, ਜਸਪਾਲ ਸਿੰਘ ਸਿੱਧੂ, ਰਾਣਾ ਇੰਦਰਜੀਤ ਸਿੰਘ, ਰਸ਼ਪਾਲ ਸਿੰਘ, ਅਮਰਜੀਤ ਸਿੰਘ, ਪ੍ਰੋ. ਦਵਿੰਦਰ ਸਿੰਘ, ਪ੍ਰਿੰ. ਗੁਰਬਚਨ ਸਿੰਘ, ਪ੍ਰਿੰ. ਬਲਜੀਤ ਸਿੰਘ, ਖੁਸ਼ਹਾਲ ਸਿੰਘ ਅਤੇ ਸਲੋਚਨਬੀਰ ਸਿੰਘ ਆਦਿ ਹਾਜ਼ਰ ਸਨ।