ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਜੂਨ
ਏਸੀਪੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਥਾਣਾ ਡਿਵੀਜ਼ਨ ਨੰਬਰ 6 ਅਤੇ 7 ਦੀ ਪੁਲੀਸ ਨੇ ਵੱਖ ਵੱਖ ਹੋਟਲਾਂ ਤੇ ਮਾਲਾਂ ’ਤੇ ਛਾਪੇ ਮਾਰ ਕੇ ਗੈਰਕਾਨੂੰਨੀ ਤੌਰ ’ਤੇ ਚਲਾਏ ਜਾ ਰਹੇ ਹੁੱਕਾ ਬਾਰਾਂ ਦੀ ਚੈਕਿੰੰਗ ਕੀਤੀ। ਪੁਲੀਸ ਨੇ ਦੋ ਹੁੱਕਾ ਬਾਰਾਂ ਵਿੱਚ ਗੈਰਕਾਨੂੰਨੀ ਤੌਰ ’ਤੇ ਹੁੱਕਾ ਬਾਰ ਚੱਲਦੇ ਮਿਲਣ ’ਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਸਟਾਫ਼ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਨੰਬਰ 7 ਦੀ ਸਬ-ਇੰਸਪੈਕਟਰ ਸੰਦੀਪ ਰਾਣੀ ਨੇ ਅਰਬਨ ਸਟੇਟ ਵਿੱਚ ਫਿਰੰਗੀ ਰੈਸਟੋਰੈਂਟ ਵਿੱਚ ਛਾਪਾ ਮਾਰਿਆ ਜਿੱਥੇ ਨੌਜਵਾਨ ਲੜਕੀਆਂ ਨੂੰ ਹੁੱਕਾ ਪਰੋਸਿਆ ਜਾ ਰਿਹਾ ਸੀ। ਪੁਲੀਸ ਨੇ ਮੌਕੇ ਤੋਂ ਰੈਸਟੋਰੈਂਟ ਦੇ ਮੈਨੇਜਰ ਰਿਤੇਸ਼ ਸਹਿਗਲ ਨੂੰ ਗ੍ਰਿਫ਼ਤਾਰ ਕਰ ਕੇ ਰੈਸਟੋਰੈਂਟ ਵਿੱਚੋਂ 4 ਹੁੱਕੇ, ਪਾਈਪਾਂ ਅਤੇ ਤਿੰਨ ਹੁੱਕਾ ਫਲੇਵਰ ਬਰਾਮਦ ਕਰ ਲਏ।
ਇਸੇ ਤਰ੍ਹਾਂ ਥਾਣਾ ਨੰਬਰ 6 ਦੀ ਥਾਣੇਦਾਰ ਮੰਜੂ ਬਾਲਾ ਨੇ ਪੁਲੀਸ ਪਾਰਟੀ ਸਮੇਤ ਮਾਡਲ ਟਾਊਨ ਇਲਾਕੇ ਦੇ ਮਾਲ ਵਿੱਚ ਚੱਲ ਰਹੇ ਜੌਰਜ ਆਇਰਿਸ਼ ਪੱਬ ਵਿੱਚ ਛਾਪਾ ਮਾਰਿਆ ਜਿੱਥੇ ਨੌਜਵਾਨ ਪੀੜ੍ਹੀ ਨੂੰ ਹੁੱਕਾ ਪਰੋਸਿਆ ਜਾ ਰਿਹਾ ਸੀ ਜਿਸ ’ਤੇ ਪੁਲੀਸ ਪਾਰਟੀ ਨੇ ਪੱਬ ਦੇ ਚਾਰ ਮੈਂਬਰਾਂ- ਵਿਨੈ ਸੰਧੂ ਵਾਸੀ ਮੁਹੱਲਾ ਗੜਾ, ਪ੍ਰਿੰਸ ਵਾਸੀ ਅਨੂਪ ਐਨਕਲੇਵ ਸੰਸਾਰਪੁਰ ਜਲੰਧਰ ਅਤੇ ਰਵਿੰਦਰ ਵਾਸੀ ਯੂਪੀ ਨੂੰ ਕਾਬੂ ਕਰ ਕੇ 4 ਹੁੱਕੇ ਪਾਈਪਾਂ ਅਤੇ ਦੋ ਹੁੱਕਾ ਫਲੇਵਰ ਬਰਾਮਦ ਕੀਤੇ।