ਪੱਤਰ ਪ੍ਰੇਰਕ
ਤਰਨ ਤਾਰਨ, 19 ਅਪਰੈਲ
ਪੁਲੀਸ ਵਲੋਂ ਤਰਨ ਤਾਰਨ ਸ਼ਹਿਰ ਦੀ ਮੁੱਖ ਸੜਕ ਤੋਂ ਦਰਬਾਰ ਸਾਹਿਬ ਨੂੰ ਜਾਂਦਾ ਰਾਹ ਅੱਡਾ ਬਾਜ਼ਾਰ ਅੱਗੇ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ ਜਿਸ ਖਿਲਾਫ਼ ਸ਼ਹਿਰ ਵਾਸੀ, ਬਾਜ਼ਾਰ ਦੇ ਦੁਕਾਨਦਾਰ, ਸ਼ਰਧਾਲੂਆਂ ਆਦਿ ਵਲੋਂ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਪੁਲੀਸ ਨੂੰ ਅੱਜ ਬੈਰੀਕੇਡ ਹਟਾਉਣ ਲਈ ਮਜਬੂਰ ਹੋਣਾ ਪਿਆ| ਪੁਲੀਸ ਵਲੋਂ ਇਹ ਰਾਹ ਕੋਈ ਡੇਢ ਸਾਲ ਪਹਿਲਾਂ ਵੀ ਬੰਦ ਕੀਤਾ ਸੀ ਅਤੇ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਉਦੋਂ ਵੀ ਰਾਹ ਖੋਲ੍ਹ ਦਿੱਤਾ ਗਿਆ ਸੀ| ਚਾਰ ਦਿਨ ਪਹਿਲਾਂ ਫਿਰ ਤੋਂ ਪੁਲੀਸ ਨੇ ਕਿਸੇ ਸਮਰਥ ਅਧਿਕਾਰੀ ਦੀ ਆਗਿਆ ਦੇ ਬਿਨਾਂ ਹੀ ਚੌਂਕ ਬੋਹੜੀ ਦਾ ਇਹ ਰਾਹ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਸੀ| ਇਸ ਨਾਲ ਲੋਕਾਂ ਅਤੇ ਖਾਸ ਕਰਕੇ ਦਰਬਾਰ ਸਾਹਿਬ ਨੂੰ ਆਉਣੇ ਜਾਂਦੇ ਸ਼ਰਧਾਲੂਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ| ਇਸ ਨਾਲ ਸਕੂਲੀ ਵਿਦਿਆਰਥੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ| ‘ਸੱਚ ਦਾ ਸਾਥ’ ਸੰਸਥਾ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਸੰਧੂ ਦੀ ਅਗਵਾਈ ਵਿੱਚ ਅੱਜ ਦੁਕਾਨਦਾਰਾਂ, ਸ਼ਰਧਾਲੂਆਂ, ਸ਼ਹਿਰ ਨਿਵਾਸਿਆਂ ਆਦਿ ਨੇ ਅੱਜ ਰੋਸ ਪ੍ਰਗਟਾਵਾ ਕੀਤਾ| ਅੱਡਾ ਬਾਜ਼ਾਰ ਦੇ ਦੁਕਾਨਦਾਰ ਗੁਰਚਰਨ ਸਿੰਘ, ਆਮ ਆਮਦੀ ਪਾਰਟੀ ਦੇ ਆਗੂ ਨਵਦੀਪ ਸਿੰਘ ਅਰੋੜਾ, ਲਾਡੀ ਆਦਿ ਨੇ ਸੰਬੋਧਨ ਕੀਤਾ। ਐਸ ਡੀ ਐਮ ਰਜਨੀਸ਼ ਅਰੋੜਾ ਨੇ ਕਿਹਾ ਕਿ ਇਹ ਰਾਹ ਟਰੈਫਿਕ ਦੀ ਸਮੱਸਿਆ ਦਾ ਹਲ ਕੀਤੇ ਜਾਣ ਲਈ ਬੰਦ ਕੀਤਾ ਗਿਆ ਸੀ ਜਿਹੜਾ ਲੋਕਾਂ ਦੇ ਆਖਣ ’ਤੇ ਖੋਲ੍ਹ ਦਿੱਤਾ ਗਿਆ ਹੈ|