ਵਾਸ਼ਿੰਗਟਨ, 23 ਮਾਰਚ
ਕੁਝ ਖਾਸ ਵਰਗਾਂ ਦੇ ਆਵਾਸੀਆਂ ਤੇ ਗ਼ੈਰ-ਆਵਾਸੀਆਂ ਦੀ ਮੌਜੂਦਾ ਤਨਖ਼ਾਹਾਂ ਤੈਅ ਕਰਨ ਬਾਰੇ ਆਖ਼ਰੀ ਫ਼ੈਸਲਾ 18 ਮਹੀਨੇ ਲਈ ਟਾਲ ਦਿੱਤਾ ਹੈ। ਇਨ੍ਹਾਂ ਵਿਚ ਐਚ-1ਬੀ ਵੀਜ਼ਾ ਵਰਕਰ ਵੀ ਸ਼ਾਮਲ ਹਨ। ਤਜਵੀਜ਼ਤ ਦੇਰੀ ਕਿਰਤ ਵਿਭਾਗ ਨੂੰ ਤਨਖ਼ਾਹਾਂ ਤੈਅ ਕਰਨ ਦੇ ਨਿਯਮਾਂ ਦੇ ਕਾਨੂੰਨੀ ਪੱਖਾਂ ਨੂੰ ਵਿਚਾਰਨ ਅਤੇ ਨੀਤੀਆਂ ਬਣਾਉਣ ਲਈ ਹੋਰ ਸਮਾਂ ਦੇਵੇਗੀ। ਤਨਖਾਹਾਂ ਦੇ ਮੌਜੂਦਾ ਪੱਧਰ ਬਾਰੇ ਲੋਕਾਂ ਦੀ ਰਾਇ ਵੀ ਲਈ ਜਾਣੀ ਹੈ। ਜ਼ਿਕਰਯੋਗ ਹੈ ਕਿ ਐਚ-1ਬੀ ਵੀਜ਼ਾ ਉਤੇ ਵੱਡੀ ਗਿਣਤੀ ਭਾਰਤੀ ਵਰਕਰ ਅਮਰੀਕਾ ਆਉਂਦੇ ਹਨ। ਤਨਖ਼ਾਹਾਂ ਬਾਰੇ ਇਹ ਪੈਮਾਨਾ ਉਸ ਰੁਜ਼ਗਾਰਦਾਤਾ ਨੂੰ ਪ੍ਰਭਾਵਿਤ ਕਰੇਗਾ ਜੋ ਵਿਦੇਸ਼ੀ ਵਰਕਰ ਨੂੰ ਪੱਕੇ ਜਾਂ ਆਰਜ਼ੀ ਤੌਰ ’ਤੇ ਨੌਕਰੀ ਉਤੇ ਰੱਖਣਾ ਚਾਹੁੰਦਾ ਹੈ। -ਪੀਟੀਆਈ