ਸੰਯੁਕਤ ਰਾਸ਼ਟਰ, 3 ਦਸੰਬਰ
ਭਾਰਤ ਨੇ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਪੱਖਪਾਤੀ ਢੰਗ ਨਾਲ ਗ਼ੈਰ ਸਿੱਖ ਸੰਸਥਾ ਹਵਾਲੇ ਕਰਨ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਸਲਾਮਾਬਾਦ ਦਾ ਇਹ ਕਦਮ ਸਿੱਖ ਧਰਮ, ਉਸ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਖ਼ਿਲਾਫ਼ ਹੋਣ ਦੇ ਨਾਲ ਹੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਮਤੇ ਦੀ ਉਲੰਘਣਾ ਹੈ। ਨਵੰਬਰ ’ਚ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ‘ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ’ ਦੇ ਪ੍ਰਸ਼ਾਸਕੀ ਕੰਟਰੋਲ ਹਵਾਲੇ ਕਰ ਦਿੱਤਾ ਸੀ ਜੋ ਗ਼ੈਰ-ਸਿੱਖ ਸੰੰਸਥਾ ਹੈ।
ਸੰਯੁਕਤ ਰਾਸ਼ਟਰ ’ਚ ਭਾਰਤੀ ਸਥਾਈ ਮਿਸ਼ਨ ਦੇ ਪ੍ਰਥਮ ਸਕੱਤਰ ਆਸ਼ੀਸ਼ ਸ਼ਰਮਾ ਨੇ ਸੰਯੁਕਤ ਰਾਸ਼ਟਰ ’ਚ ਬੁੱਧਵਾਰ ਨੂੰ ਕਿਹਾ,‘‘ਪਾਕਿਸਤਾਨ ਪਹਿਲਾਂ ਹੀ ਪਿਛਲੇ ਸਾਲ ਇਸ ਸਭਾ ਵੱਲੋਂ ਪਾਸ ‘ਕਲਚਰ ਆਫ਼ ਪੀਸ’ ਦੇ ਮਤਿਆਂ ਦੀ ਉਲੰਘਣਾ ਕਰ ਚੁੱਕਾ ਹੈ। ਪਿਛਲੇ ਮਹੀਨੇ ਪਾਕਿਸਤਾਨ ਨੇ ਪੱਖਪਾਤੀ ਤਰੀਕੇ ਨਾਲ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਸਿੱਖਾਂ ਤੋਂ ਲੈ ਕੇ ਗ਼ੈਰ ਸਿੱਖ ਸੰਸਥਾ ਦੇ ਕੰਟਰੋਲ ਵਾਲੇ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਇਹ ਕਾਰਾ ਸਿੱਖ ਧਰਮ, ਇਸ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਮਹਾਸਭਾ ’ਚ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਜ਼ਿਕਰ ਦਸੰਬਰ 2019 ਨੂੰ ਹੋਇਆ ਸੀ ਅਤੇ ਪਾਕਿਸਤਾਨ ਨੇ ਇਸ ਮਤੇ ਦੀ ਉਲੰਘਣਾ ਕੀਤੀ ਹੈ। ਯੂਐੱਨਜੀਏ ਨੇ ‘ਸ਼ਾਂਤੀ ਲਈ ਅੰਤਰ ਧਾਰਮਿਕ ਅਤੇ ਅੰਤਰ ਸੱਭਿਆਚਾਰ ਦੇ ਪ੍ਰਚਾਰ, ਸਮਝ ਅਤੇ ਸਹਿਯੋਗ’ ਦੇ ਮਤੇ ਨੂੰ ਪਿਛਲੇ ਸਾਲ ਦਸੰਬਰ ’ਚ ਪਾਸ ਕੀਤਾ ਸੀ। ਇਸ ’ਚ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹੇ ਜਾਣ ਦਾ ਸਵਾਗਤ ਕੀਤਾ ਗਿਆ ਸੀ। ਭਾਰਤ ਨੇ ਨਵੰਬਰ ’ਚ ਪਾਕਿਸਤਾਨ ਦੇ ਫ਼ੈਸਲੇ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਇਹ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਖ਼ਿਲਾਫ਼ ਹੈ।
-ਪੀਟੀਆਈ
ਅਤਿਵਾਦ ਨੂੰ ਹਮਾਇਤ ਦੇਣਾ ਬੰਦ ਕਰੇ ਪਾਕਿਸਤਾਨ: ਭਾਰਤ
ਸੰਯੁਕਤ ਰਾਸ਼ਟਰ: ਭਾਰਤ ਨੇ ਸੰਯੁਕਤ ਰਾਸ਼ਟਰ ’ਚ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਦੇ ਧਰਮਾਂ ਪ੍ਰਤੀ ਨਫ਼ਤਰ ਦੀ ਆਪਣੀ ਮੌਜੂਦਾ ਰਵਾਇਤ ਛੱਡ ਦੇਵੇ ਅਤੇ ਸਰਹੱਦ ਪਾਰ ਤੋਂ ਅਤਿਵਾਦ ਨੂੰ ਹਮਾਇਤ ਦੇਣਾ ਬੰਦ ਕਰ ਦੇਵੇ ਤਾਂ ਦੱਖਣੀ ਏਸ਼ੀਆ ਅਤੇ ਹੋਰ ਮੁਲਕ ਵੀ ਅਮਨ ਕਾਇਮ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਸੰਯੁਕਤ ਰਾਸ਼ਟਰ ਆਮ ਸਭਾ ’ਚ ‘ਸ਼ਾਂਤੀ ਦਾ ਸੱਭਿਆਚਾਰ’ ਸਬੰਧੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੇ ਪ੍ਰਥਮ ਸਕੱਤਰ ਆਸ਼ੀਸ਼ ਸ਼ਰਮਾ ਨੇ ਕਿਹਾ ਅੱਜ ਦੀ ਦੁਨੀਆਂ ’ਚ ਅਸਹਿਣਸ਼ੀਲਤਾ, ਨਫਰਤ, ਹਿੰਸਾ ਅਤੇ ਅਤਿਵਾਦ ਇੱਕ ਪ੍ਰਕਾਰ ਦੇ ਨਿਯਮ ਬਣ ਗਏ ਹਨ। ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਅਤਿਵਾਦ ਹਿੰਸਾ ਅਤੇ ਅਸਹਿਣਸ਼ੀਲਤਾ ਦਾ ਹੀ ਇੱਕ ਰੂਪ ਹੈ ਅਤੇ ਸਾਰੇ ਧਰਮਾਂ ਤੇ ਸੱਭਿਆਚਾਰਾਂ ਦੇ ਉਲਟ ਹੈ। ਉਨ੍ਹਾਂ ਕਿਹਾ, ‘ਸਾਨੂੰ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਅਤਿਵਾਦ ਨੂੰ ਹੁਲਾਰਾ ਦੇਣਾ ਜਾਂ ਉਸ ਨੂੰ ਅਣਗੌਲਿਆਂ ਕਰਨਾ ਕਿਸੇ ਦੈਂਤ ਨੂੰ ਪਾਲਣ ਵਰਗਾ ਹੈ ਜੋ ਇੱਕ ਦਿਨ ਸਾਨੂੰ ਹੀ ਖਾ ਜਾਵੇਗਾ।’ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਮੁਲਕਾਂ ਨੂੰ ਅਜਿਹੀਆਂ ਨਕਾਰਾਤਮਕ ਤਾਕਤਾਂ ਨਾਲ ਵੱਖ ਵੱਖ ਲੜਨ ਦੀ ਥਾਂ ਇਕਜੁੱਟ ਹੋ ਕੇ ਲੜਨ ਦੀ ਅਪੀਲ ਕੀਤੀ।
-ਪੀਟੀਆਈ