ਹਰਮੀਤ ਸਿਵੀਆਂ
ਚਾਚੀ ਅਤਰੋ ਪੰਜਾਬ ਦੇ ਚੋਟੀ ਦੇ ਕਾਮੇਡੀ ਕਲਾਕਾਰਾਂ ਵਿੱਚ ਸ਼ਾਮਲ ਹੈ। ਉਸ ਨੇ ਪੇਂਡੂ ਸੱਭਿਆਚਾਰ ਦੀ ਤਸਵੀਰ ਨੂੰ ਆਪਣੀ ਕਾਮੇਡੀ ਰਾਹੀਂ ਬਾਖ਼ੂਬੀ ਬਿਆਨ ਕੀਤਾ ਅਤੇ ਪੇਂਡੂ ਸਮਾਜ ਦੀਆਂ ਊਣਤਾਈਆਂ ਨੂੰ ਚਲਾਕ ਪੇਂਡੂ ਔਰਤ ਦੇ ਪਾਤਰ ਦੇ ਰੂਪ ਵਿੱਚ ਪੇਸ਼ ਕੀਤਾ। ਉਸ ਨੇ ਖਾਸ ਤੌਰ ’ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਕਾਮੇਡੀ ਰਾਹੀਂ ਉਜਾਗਰ ਕੀਤਾ।
ਸਾਲ 1938 ਵਿੱਚ ਬਠਿੰਡਾ ਵਿਖੇ ਪੈਦਾ ਹੋਏ ਸਰੂਪ ਪਰਿੰਦਾ (ਅਤਰੋ) ਦਾ ਪੰਜਾਬੀ ਕਾਮੇਡੀ ਵਿੱਚ ਵੱਖਰਾ ਮੁਕਾਮ ਹੈ। ਉਸ ਨੇ ਇਹ ਮੁਕਾਮ ਰਾਤੋ ਰਾਤ ਨਹੀਂ ਸਗੋਂ ਕਾਫ਼ੀ ਸਮਾਂ ਇਸ ਖੇਤਰ ਵਿੱਚ ਵਿਚਰਦਿਆਂ ਹਾਸਲ ਕੀਤਾ। ਉਸ ਨੇ 1954 ਵਿੱਚ ਆਪਣੀ ਅਦਾਕਾਰੀ ਬਤੌਰ ਥੀਏਟਰ ਐਕਟਰ ਵਜੋਂ ਮਹਿੰਦਰ ਸਿੰਘ ਬਾਵਰਾ ਦੀ ਨਿਰਦੇਸ਼ਨਾ ਵਿੱਚ ਕੀਤੀ। ਇਸ ਤੋਂ ਪਹਿਲਾਂ ਉਹ ਰਾਮ-ਲੀਲਾ ਵਿੱਚ ਇੱਕ ਪਾਤਰ ਵਜੋਂ ਵੀ ਕੰਮ ਕਰਦਾ ਰਿਹਾ। ਜਵਾਨੀ ਉਮਰੇ ‘ਸਾਹਿਤ ਕਲਾ ਸੰਗਮ’ ਥੀਏਟਰ ਗਰੁੱਪ ਵਿੱਚ ਕੰਮ ਕਰਦਿਆਂ ਉਸ ਨੇ ਆਪਣੀ ਅਦਾਕਾਰੀ ਵਿੱਚ ਹੋਰ ਵੀ ਨਿਖਾਰ ਲਿਆਂਦਾ। ਇਸ ਤੋਂ ਇਲਾਵਾ ਉਹ ਲੋਕ ਸੰਪਰਕ ਵਿਭਾਗ ਵਿੱਚ ਵੀ ਡਰਾਮਾ ਕਲਾਕਾਰ ਵਜੋਂ ਕੰਮ ਕਰਦਾ ਰਿਹਾ। ਉਹ ਵਧੀਆ ਭੰਗੜਾ ਕਲਾਕਾਰ ਵੀ ਸੀ। ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਦਾ ਸਬੱਬ ਬਣਿਆ ਤਾਂ ਉਸ ਨੂੰ ਪਹਿਲੀ ਫ਼ਿਲਮ ‘ਕੁੱਲੀ ਯਾਰ ਦੀ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਉਸ ਵਿੱਚ ਕੀਤੇ ਵਧੀਆ ਕੰਮ ਕਾਰਨ ਹੋਰ ਫ਼ਿਲਮਾਂ ਮਿਲਣੀਆਂ ਸ਼ੁਰੂ ਹੋਈਆਂ ਤੇ ਫਿਰ ਉਸ ਨੇ ਅਣਗਿਣਤ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ। ਇਨ੍ਹਾਂ ਵਿੱਚੋਂ ‘ਰਾਣੋ’, ‘ਸੈਦਾਂ-ਜੋਗਣ’, ‘ਸਰਪੰਚ’, ‘ਗਿੱਧਾ’, ‘ਪੂਰਨਮਾਸ਼ੀ’, ‘ਪਟੋਲਾ’, ‘ਮੁਟਿਆਰ’, ‘ਜੱਟ ਸੂਰਮੇ’, ‘ਪੁੱਤ ਜੱਟਾਂ ਦੇ’, ‘ਲਾਲ ਚੂੜਾ’, ‘ਯਾਰੀ ਜੱਟ ਦੀ’ ਸਮੇਤ ਕਈ ਹੋਰ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ। ਪੰਜਾਬੀ ਸਿਨਮਾ ਦੇ ਨਵੇਂ ਦੌਰ ਵਿੱਚ ਵੀ ਉਸ ਨੇ ਹਰਭਜਨ ਮਾਨ ਦੀ ਫ਼ਿਲਮ ‘ਦਿਲ ਆਪਣਾ ਪੰਜਾਬੀ’ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਉਸ ਨੇ 40 ਤੋਂ ਵੱਧ ਪੰਜਾਬੀ ਟੈਲੀਫ਼ਿਲਮਾਂ ਵਿੱਚ ਵੀ ਕੰਮ ਕੀਤਾ।
ਪੰਜਾਬੀ ਫ਼ਿਲਮਾਂ ਵਿੱਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਉਸ ਨੇ ਆਪਣੇ ਦੋਸਤ ਦੇਸ ਰਾਜ ਸ਼ਰਮਾ (ਮਰਹੂਮ) ਨਾਲ ਮਿਲ ਕੇ ‘ਅਤਰੋ-ਚਤਰੋ’ ਨਾਂ ਦੀ ਕਾਮੇਡੀ ਜੋੜੀ ਬਣਾਈ। ਦੂਰਦਰਸ਼ਨ ਕੇਂਦਰ, ਜਲੰਧਰ ’ਤੇ ਇਸ ਜੋੜੀ ਦੇ ਕਾਮੇਡੀ ਪ੍ਰੋਗਰਾਮ ਆਉਣ ਕਰਕੇ ਇਸ ਜੋੜੀ ਨੇ ਬੇਹੱਦ ਮਕਬੂਲੀਅਤ ਖੱਟੀ। ਦੇਸ਼-ਵਿਦੇਸ਼ ਵਸਦੇ ਪੰਜਾਬੀ ਦਰਸ਼ਕਾਂ, ਸਰੋਤਿਆਂ ਵੱਲੋਂ ਇਸ ਜੋੜੀ ਨੂੰ ਬਹੁਤ ਪਿਆਰ ਤੇ ਸਤਿਕਾਰ ਮਿਲਿਆ। ਬੱਚਾ-ਬੱਚਾ ਇਸ ਜੋੜੀ ਨੂੰ ਜਾਣਨ ਲੱਗਿਆ। ਇਸ ਅਤਰੋ-ਚਤਰੋ ਦੀ ਜੋੜੀ ਵਿੱਚ ਅਤਰੋ ਸਰੂਪ ਪਰਿੰਦਾ ਸੀ ਅਤੇ ਚਤਰੋ ਦੇਸ ਰਾਜ ਸ਼ਰਮਾ ਸੀ। 1980ਵਿਆਂ ਦੇ ਦਹਾਕੇ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਚਾਰੇ ਪਾਸੇ ‘ਅਤਰੋ-ਚਤਰੋ’ ਹੀ ਹੋ ਗਈ ਸੀ। ਉਸ ਸਮੇਂ ਸਕੂਲੀ ਬੱਚਿਆਂ ਦੀਆਂ ਕਾਪੀਆਂ ਉੱਪਰ ਅਤਰੋ-ਚਤਰੋ ਨਾਮ ਦੀਆਂ ਤਸਵੀਰਾਂ ਛਪੀਆਂ, ਅਤਰੋ-ਚਤਰੋ ਵਾਲੇ ਕੱਪੜੇ ਦੇ ਨਾਮ ਨਾਲ ਇੱਕ ਕੱਪੜਾ ਬਹੁਤ ਵਿਕਿਆ। ਇਸ ਜੋੜੀ ਨੇ ਬਹੁਤ ਸਾਰੇ ਦੇਸ਼ਾਂ ਵਿੱਚ ਆਪਣੀ ਕਾਮੇਡੀ ਦੇ ਰੰਗ ਬਿਖੇਰੇ। ਇਨ੍ਹਾਂ ਨੂੰ ਦੇਖੋ ਦੇਖੀ ਕਈਆਂ ਨੇ ਮਿਲਦੇ ਜੁਲਦੇ ਨਾਵਾਂ ਜਿਵੇਂ ਲੁਤਰੋ-ਘੁਤਰੋ ਆਦਿ ਨਾਲ ਕਾਮੇਡੀ ਕਰਨੀ ਵੀ ਸ਼ੁਰੂ ਕੀਤੀ, ਪਰ ਅਸਲ ਅਤਰੋ-ਚਤਰੋ ਵਾਲਾ ਮੁਕਾਮ ਕੋਈ ਵੀ ਹਾਸਲ ਨਹੀਂ ਕਰ ਸਕਿਆ। ਇਨ੍ਹਾਂ ਵੱਲੋਂ ਸਮੇਂ ਸਮੇਂ ’ਤੇ ਦੂਰਦਰਸ਼ਨ ਕੇਂਦਰ, ਜਲੰਧਰ ’ਤੇ ਹਾਜ਼ਰੀ ਲਵਾਉਣ ਤੋਂ ਇਲਾਵਾ ਕਈ ਕਾਮੇਡੀ ਕੈਸਿਟਾਂ ਜਾਰੀ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ ‘ਪੁਲੀਸ ਨਾਕਾ’, ‘ਅਤਰੋ ਦੀ ਹੱਟ’, ‘ਰੋਡਵੇਜ਼ ਦੀ ਲਾਰੀ’ ਅਤੇ ‘ਸਰਕਾਰੀ ਗਿੱਧਾ’ ਬਹੁਤ ਚਰਚਿਤ ਰਹੀਆਂ।
ਜਦੋਂ ਸਰੂਪ ਪਰਿੰਦਾ (ਅਤਰੋ) ਦੇ ਸਾਥੀ ਦੇਸ ਰਾਜ ਸ਼ਰਮਾ (ਚਤਰੋ) ਦੀ ਮੌਤ ਹੋ ਗਈ ਤਾਂ ਫਿਰ ਉਹ ਕਾਫ਼ੀ ਸਮਾਂ ਸਦਮੇ ਵਿੱਚ ਰਿਹਾ ਅਤੇ ਫਿਰ ‘ਚਾਚੀ ਅਤਰੋ’ ਦੇ ਨਾਮ ਨਾਲ ਦੁਬਾਰਾ ਕਾਮੇਡੀ ਦੇ ਖੇਤਰ ਵਿੱਚ ਆਇਆ ਅਤੇ ਫਿਰ ਪ੍ਰਸਿੱਧੀ ਖੱਟੀ। ਸਰੂਪ ਪਰਿੰਦਾ ਨੇ ਦੂਰਦਰਸ਼ਨ ਜਲੰਧਰ ’ਤੇ ਕਈ ਕਾਮੇਡੀ ਸੀਰੀਅਲ ਕੀਤੇ, ਜਿਵੇਂ ‘ਘਰ-ਜਵਾਈ’, ‘ਫਲਾਤੋ’ ਅਤੇ ‘ਨਸੀਹਤ’ ਆਦਿ। ਵਿਦੇਸ਼ਾਂ ਤੱਕ ਆਪਣੀ ਕਾਮੇਡੀ ਦਾ ਰੰਗ ਬਿਖੇਰ ਚੁੱਕੇ ਸਰੂਪ ਪਰਿੰਦਾ ਦਾ 4 ਮਾਰਚ 2016 ਨੂੰ 78 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ, ਪਰ ਉਸ ਵੱਲੋਂ ਕੀਤੀ ਕਾਮੇਡੀ ਹਮੇਸ਼ਾਂ ਸਾਡੇ ਦਰਮਿਆਨ ਰਹੇਗੀ।
ਸੰਪਰਕ: 80547-57806