ਪੱਤਰ ਪ੍ਰੇਰਕ
ਟੋਹਾਣਾ, 19 ਅਪਰੈਲ
ਇਥੋਂ ਦੇ ਪਿੰਡ ਨਾਂਗਲਾ ਵਿੱਚੋਂ ਮੱਝ ਚੋਰੀ ਦਾ ਪੁਲੀਸ ਵੱਲੋ ਮਾਮਲਾ ਦਰਜ ਨਾ ਕਰਨ ’ਤੇ ਪਿੰਡ ਵਾਸੀਆਂ ਨੇ ਅੱਜ ਰੋਸ ਵਿਖਾਵਾ ਕੀਤਾ। ਜ਼ਿਕਰਯੋਗ ਹੈ ਕਿ ਪਿੰਡ ਵਿੱਚ ਲੱਗੇ ਕੈਮਰਿਆਂ ਦੀ ਪੜਤਾਲ ਕਰਨ ਉਪਰੰਤ ਪਿੰਡ ਵਾਸੀਆਂ ਨੇ ਗਰੋਹ ਦੀ ਨਿਸ਼ਾਨਦੇਹੀ ਕਰਕੇ ਟੈਲੀਫ਼ੋਨ ’ਤੇ ਉਨ੍ਹਾਂ ਨਾਲ ਸੰਪਰਕ ਕੀਤਾ। ਇਸ ਦੌਰਾਨ ਚੋਰ ਗਰੋਹ ਨੇ ਗਲ ਅੱਗੇ ਨਾ ਵਧਾਉਣ ਦੀ ਦੁਹਾਈ ਦਿੰਦੇ ਹੋਏ 10 ਦਿਨਾਂ ਬਾਅਦ ਚੋਰੀ ਕੀਤੀ ਗਈ ਮੱਝ ਵਾਪਸ ਪਿੰਡ ਵਿੱਚ ਛੱਡ ਗਏ। ਮੱਝ ਮਿਲਣ ’ਤੇ ਪਿੰਡ ਵਾਸੀ ਬਾਗੋਬਾਗ ਹੋ ਗਏ ਪਰ ਸਦਰ ਪੁਲੀਸ ਨੇ ਕਾਰਵਾਈ ਨਾ ਕਰਨ ’ਤੇ ਸਾਬਕਾ ਸਰਪੰਚ ਹਰਪਾਲ ਸਿੰਘ ਦੀ ਅਗਵਾਈ ਵਿੱਚ ਐੱਸਐੱਚਓ ਨੂੰ ਮਿਲ ਕੇ ਚੋਰਾਂ ਸਬੰਧੀ ਜਾਣਕਾਰੀ ਸਾਂਝੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਜਲਦੀ ਹੀ ਗਰੋਹ ਨੂੰ ਕਾਬੂ ਕਰਨ ਦੀ ਗਲ ਕਹੀ ਸੀ। ਸਾਬਕਾ ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਪਰਮਵੀਰ ਦੀ ਕੀਮਤੀ ਮੱਝ ਚੋਰੀ ਹੋਣ ’ਤੇ ਪੁਲੀਸ ਨੂੰ ਸੁਚਨਾ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਾ ਹੋਈ ਤਾਂ ਨਾਗਲਾ ਦੇ ਨੌਜਵਾਨਾਂ ਨੇ ਚੋਰੀ ਵਾਲੀ ਰਾਤ ਪਿੰਡ ਨਾਂਗਲਾ ਵਿੱਚ ਘੁੰਮਦੇ ਕੈਂਟਰ ਦੀ ਪਛਾਣ ਕਰਕੇ ਚਾਲਕ ਦਾ ਮੋਬਾਈਲ ਨੰਬਰ ਟਰੇਸ਼ ਕੀਤਾ ਤੇ ਸੰਪਰਕ ਕੀਤਾ ਤਾਂ ਗਰੋਹ ਦੇ ਲੋਕ ਉਸੇ ਰਾਤ ਮੱਝ ਵਾਪਸ ਛੱਡ ਗਏ। ਸਾਬਕਾ ਸਰਪੰਚ ਹਰਪਾਲ ਸਿੰਘ ਤੇ ਪਿੰਡ ਦੇ ਲੋਕਾਂ ਨੇ ਐੱਸਐੱਚਓ ਨੂੰ ਮਿਲ ਕੇ ਚੋਰ ਗਰੋਹ ਨੂੰ ਕਾਬੂ ਕਰਨ ਲਈ ਕਿਹਾ ਹੈ ਮੱਝ ਦੀ ਵਾਪਸੀ ਤੋਂ ਬਾਅਦ ਚੋਰਾਂ ਦਾ ਮੋਬਾਈਲ ਬੰਦ ਆ ਰਿਹਾ ਹੈ। ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਖਫ਼ਾ ਪਿੰਡ ਵਾਸੀਆਂ ਨੇ ਅੱਜ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁਲੀਸ ਅਧਿਕਾਰੀ ਨੇ ਪਸ਼ੂ ਚੋਰ ਗਰੋਹ ਨੂੰ ਕਾਬੂ ਕਰਨ ਲਈ ਕੁੱਝ ਦਿਨਾਂ ਦਾ ਸਮਾਂ ਮੰਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇ ਪੁਲੀਸ ਨੇ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।