ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 15 ਨਵੰਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਵਿਖੇ ਚੱਲ ਰਿਹਾ ਰੇਲ ਰੋਕ ਅੰਦੋਲਨ ਅੱਜ 53ਵੇਂ ਦਿਨ ਦਾਖਲ ਹੋ ਗਿਆ ਹੈ। ਅੱਜ ਬਰਸਾਤ ਤੇ ਦੀ ਠੰਢ ਦੇ ਬਾਵਜੂਦ ਕਿਸਾਨਾਂ-ਮਜ਼ਦੂਰਾਂ ਦਾ ਇਕੱਠ ਮੋਰਚੇ ਵਿੱਚ ਨਾਅਰੇ ਮਾਰਦਾ ਹੋਇਆ ਸ਼ਾਮਲ ਹੋਇਆ ਅਤੇ ਕਿਸਾਨ ਮਜ਼ਦੂਰ ਬਾਰਸ਼ ਦੇ ਵਿੱਚ ਵੀ ਰੇਲਵੇ ਸਟੇਸ਼ਨ ਦੇ ਬਾਹਰ ਡਟੇ ਰਹੇ। ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਹੋਇਆ ਸੂਥਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ, ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਗੱਲਬਾਤ ਰਾਹੀਂ ਕੇਂਦਰ ਸਰਕਾਰ ਸਮਾਂ ਲੰਘਾਉਣਾ ਚਾਹੁੰਦੀ ਹੈ ਨਾ ਕਿ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ। ਜਥੇਬੰਦੀ ਵਲੋਂ 20 ਨਵੰਬਰ ਨੂੰ ਬੁੱਧੀਜੀਵੀਆਂ ਨਾਲ ਰੱਲਕੇ ਕਨਵੈਨਸ਼ਨ ਕੀਤੀ ਜਾਵੇਗੀ। ਆਗੂਆਂ ਵੱਲੋਂ ਮੌਜੂਦਾ ਸਘੰਰਸ਼ਾਂ ਦੇ ਸਵਾਲ ‘ਤੇ ਉਸ ਦਿਨ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਐਲਾਨ ਵੀ ਕੀਤੇ ਜਾਣਗੇ। ਕਮੇਟੀ ਦੇ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾਂ ਨੇ ਕਿਹਾ ਮੋਦੀ ਸਰਕਾਰ ਵੱਲੋਂ ਰੇਲ ਟਰੈਕ ਖਾਲੀ ਹੋਣ ਦੇ ਬਾਵਜੂਦ ਮਾਲ ਗੱਡੀਆਂ ਨਾ ਚਲਾ ਕੇ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਸ ਮੌਕੇ ਮਿਹਰ ਸਿੰਘ ਤਲਵੰਡੀ, ਗੁਰਸਾਹਿਬ ਸਿੰਘ, ਦਿਲਬਾਗ ਸਿੰਘ ਪਹੂਵਿੰਡ, ਗੁਰਜੰਟ ਸਿੰਘ, ਰੂਪ ਸਿੰਘ ਸੈਦੂ, ਸੁਖਦੇਵ ਸਿੰਘ, ਗੁਰਭੇਜ ਸਿੰਘ ਧਾਰੀਵਾਲ, ਦਿਲਬਾਗ ਸਿੰਘ ਸਭਰਾ, ਸਤਨਾਮ ਸਿੰਘ ਹਰੀਕੇ, ਮਹਿਲ ਸਿੰਘ, ਨਿਸ਼ਾਨ ਸਿੰਘ ਮਾੜੀਮੇਗਾ, ਸੁੱਚਾ ਸਿੰਘ ਵੀਰਮ, ਬਲਕਾਰ ਸਿੰਘ ਖਾਲੜਾ, ਕਿਰਪਾਲ ਸਿੰਘ ਬੁਰਜ, ਅਮੋਲਕ ਸਿੰਘ ਨਰੈਣਗੜ੍ਹ, ਪੂਰਨ ਸਿੰਘ ਵਰਨਾਲਾ, ਰਣਜੀਤ ਸਿੰਘ ਚੀਮਾ ਨੇ ਸੰਬੋਧਨ ਕੀਤਾ।
ਬਰਨਾਲਾ (ਪਰਸ਼ੋਤਮ ਬੱਲੀ): ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖ਼ਿਲਾਫ਼ 30 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੀ ਕੜੀ ਵਜੋਂ 46ਵੇਂ ਦਿਨ ਬਰਨਾਲਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਲਗਾਤਾਰ ਡਟੇ ਔਰਤ, ਮਰਦ ਤੇ ਨੌਜਵਾਨ ਨਵਾਂ ਇਤਿਹਾਸ ਸਿਰਜ ਰਹੇ ਹਨ, ਜਿਥੇ ਦੀਵਾਲੀ, ਬੰਦੀ ਛੋੜ ਦਿਵਸ ਸੰਘਰਸ਼ੀ ਮਸ਼ਾਲਾਂ ਬਾਲਕੇ ਮਨਾਏ ਉੱਥੇ ਸੋਮਵਾਰ ਨੂੰ ਗਦਰ ਲਹਿਰ ਦੇ ਨੌਜਵਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 105ਵਾਂ ਸ਼ਹੀਦੀ ਦਿਹਾੜਾ ਵੀ ਸੰਘਰਸ਼ੀ ਪਿੜ ‘ਚ ਹੀ ਮਨਾਇਆ ਜਾਵੇਗਾ। ਅੱਜ ਮੌਸਮ ਮੀਂਹ ਤੇ ਠੰਢ ਵਾਲਾ ਹੋਣ ਦੇ ਬਾਵਜੂਦ ਸੰਘਰਸ਼ੀ ਨਾਗਾ ਨਹੀਂ ਪਾਇਆ। ਅੱਜ ਦੇ ਬੁਲਾਰਿਆਂ ਕਿਹਾ ਕਿ ਕੇਂਦਰੀ ਸਰਕਾਰ ਦੀ ਕਿਸਾਨ ਵਿਰੋਧੀ ਨੀਅਤ ਬਾਰੇ ਕਿਸਾਨ ਜਥੇਬੰਦੀਆਂ ਨੂੰ ਕੋਈ ਭੁਲੇਖਾ ਨਹੀਂ ਹੈ। ਜਥੇਬੰਦੀਆਂ ਨਾਲ ਮੀਟਿੰਗ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸੰਜੀਦਾ ਤਾਂ ਕੀ ਹੋਣਾ ਸੀ, ਉਲਟਾ ਕਿਸਾਨਾਂ ਦੇ 26-27 ਦੇ ਦਿੱਲੀ ਮਾਰਚ ਲਈ ਥਾਂ ਦੇਣ ਦੀ ਮਨਜੂਰੀ ਰੱਦ ਕਰਕੇ ਬਲਦੀ ਉੱਪਰ ਤੇਲ ਪਾਉਣ ਵਾਲਾ ਕੰਮ ਕੀਤਾ ਹੈ। ਬੁਲਾਰਿਆਂ ‘ਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ, ਬੀਕੇਯੂ ਕਾਦੀਆਂ ਦੇ ਜਗਸੀਰ ਸਿੰਘ ਛੀਨੀਵਾਲ, ਸਿਕੰਦਰ ਸਿੰਘ, ਸ਼ਿੰਗਾਰਾ ਸਿੰਘ, ਜੱਗਾ ਸਿੰਘ ਬਦਰਾ, ਉਜਾਗਰ ਸਿੰਘ ਬੀਹਲਾ, ਨਛੱਤਰ ਸਿੰਘ ਸਹੌਰ, ਗੁਰਜਿੰਦਰ ਸਿੰਘ ਸਿੱਧੂ, ਹਰਮੰਡਲ ਸਿੰਘ ਜੋਧਪੁਰ, ਬਾਬੂ ਸਿੰਘ ਖੁੱਡੀਕਲਾਂ, ਨਿਰਭੈ ਸਿੰਘ, ਹਰਜਿੰਦਰ ਸਿੰਘ ਢਿੱਲਵਾਂ ਸ਼ਾਮਲ ਸਨ।