ਮਨੋਜ ਸ਼ਰਮਾ
ਬਠਿੰਡਾ, 21 ਫਰਵਰੀ
ਪੰਜਾਬ ਦੇ ਮਾਲਵੇ ਖੇਤਰ ਨਾਲ ਸਬੰਧਤ ਬਰਨਾਲਾ ਰੈਲੀ ਲਈ ਮਾਲਵਾ ਖੇਤਰ ਦੇ ਬਠਿੰਡਾ, ਮਾਨਸਾ, ਫ਼ਰੀਦਕੋਟ, ਮਲੋਟ, ਮੋਗਾ ਅਤੇ ਅਬੋਹਰ ਤੋਂ ਸਵੇਰ ਤੋਂ ਹੀ ਬੱਸਾਂ, ਟਰੱਕਾਂ ਤੇ ਟਰੈਕਟਰਾਂ ਦੇ ਝੰਡਿਆਂ ਵਾਲੇ ਕਾਫ਼ਲਿਆਂ ਦਾ ਜੋਸ਼ ਦੇਖਣਯੋਗ ਸੀ। ਬਠਿੰਡਾ ਸਮੇਤ ਵੱਖ ਵੱਖ ਜ਼ਿਲ੍ਹਿਆਂ ਵਿੱਚ ਪੁਲੀਸ ਦਾ ਖੁਫੀਆਂ ਵਿੰਗ ਰੈਲੀ ਵਿੱਚ ਗਈਆਂ ਬੱਸਾਂ, ਟਰੱਕਾਂ ਤੇ ਟੈਂਪੂਆਂ ਦਾ ਹਿਸਾਬ ਕਿਤਾਬ ਲਾਉਂਦਾ ਰਿਹਾ। ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਾਲਵਾ ਖ਼ਿੱਤੇ ਇਸ ਮਹਾ ਰੈਲੀ ਨੂੰ ਸਫ਼ਲ ਬਣਾਉਣ ਲਈ ਵੱਡੀ ਪੱਧਰ ’ਤੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਸੀ।
ਅੱਜ ਮੁਲਾਜ਼ਮ ਜਥੇਬੰਦੀਆਂ ਡੈਮੋਕੇਰਿਟਕ ਟੀਚਰਜ਼ ਫ਼ਰੰਟ ਸਮੇਤ, ਕਿਸਾਨ ਸੰਘਰਸ਼ ਸਮਰਥਨ ਕਮੇਟੀ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਤੇ ਟੀਐੱਸਯੂ ਵੱਲੋਂ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਅੱਜ ਬਠਿੰਡਾ ਤੋਂ ਚੰਡੀਗੜ੍ਹ ਰੋਡ ’ਤੇ ਜਾਮ ਲੱਗਿਆ ਰਿਹਾ ਅਤੇ ਟਰੈਫ਼ਿਕ ਲਈ ਬਦਲਵੇਂ ਰੂਟਾਂ ਦਾ ਪ੍ਰਬੰਧ ਕਰਨਾ ਪਿਆ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਅੱਜ ਸਵੇਰੇ ਕਸਬਾ ਸ਼ਹਿਣਾ ’ਚੋਂ 15 ਟਰਾਲੀਆਂ ਦਾ ਕਾਫਲਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਦੀ ਅਗਵਾਈ ਹੇਠ ਬਰਨਾਲਾ ਮਹਾਂ ਰੈਲੀ ’ਚ ਭਾਗ ਲੈਣ ਲਈ ਰਵਾਨਾ ਹੋਇਆ।
ਇਸ ਮੌਕੇ ਭਾਕਿਯੂ ਉਗਰਾਹਾਂ ਦੇ ਆਗੂਆਂ ਗੁਰਜੀਤ ਸਿੰਘ ਖੰਗੂੜਾ, ਭੋਲਾ ਸਿੰਘ, ਗੁਰਪ੍ਰੀਤ ਸਿੰਘ, ਤੇਜ਼ਾ ਸਿੰਘ ਅਤੇ ਭੀਮਾ ਸਿੰਘ ਨੇ ਦੱਸਿਆ ਕਿ ਬਲਾਕ ਸ਼ਹਿਣਾ ਦੇ ਪਿੰਡਾਂ ’ਚੋਂ ਹਜ਼ਾਰਾਂ ਦੀ ਗਿਣਤੀ ’ਚ ਵਰਕਰ ਮਹਾਂ ਰੈਲੀ ਵਿੱਚ ਭਾਗ ਲੈਣ ਲਈ ਗਏ ਹਨ।
ਉਨ੍ਹਾਂ 23 ਫਰਵਰੀ ਨੂੰ ਸੰਯੁਕਤ ਮੋਰਚੇ ਦੇ ਸੱਦੇ ’ਤੇ ‘ਪਗੜੀ ਸੰਭਾਲ ਜੱਟਾ’ ਦਿਵਸ ਮਨਾ ਕੇ ਮੋਰਚੇ ਵਿੱਚ ਸ਼ਮੂਲੀਅਤ ਦਾ ਸੱਦਾ ਦਿੱਤਾ।