ਗਗਨਦੀਪ ਅਰੋੜਾ
ਲੁਧਿਆਣਾ, 19 ਅਪਰੈਲ
ਸ਼ਹਿਰ ਵਿੱਚ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਪੰਜਾਬ ਦੀ ਸਭ ਤੋਂ ਵੱਡੀ ਹੋਲਸੇਲ ਕੱਪੜਾ ਮਾਰਕੀਟ ਗਾਂਧੀ ਨਗਰ ’ਚ ਚੋਰਾਂ ਨੇ ਮੰਗਲਵਾਰ ਸਵੇਰੇ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ। ਪ੍ਰਾਪਤ ਜਾਣਕਾਰੀ ਮੁਤਾਬਿਕ ਚੋਰ ਦੁਕਾਨ ਵਿੱਚੋਂ 25 ਲੱਖ ਰੁਪਏ ਨਕਦੀ ਦੇ ਨਾਲ-ਨਾਲ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਕਪਿਲ ਗਾਰਮੈਂਟਸ ਦੇ ਮਾਲਕ ਕਪਿਲ ਅਰੋੜਾ ਦੁਕਾਨ ’ਤੇ ਪੁੱਜੇ। ਸਾਮਾਨ ਖਿੱਲਰਿਆ ਪਿਆ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਦੁਕਾਨ ਵਿੱਚ ਪਈ ਨਕਦੀ ਵੀ ਗਾਇਬ ਸੀ। ਇਸ ਮਗਰੋਂ ਉਸ ਨੇ ਘਟਨਾ ਦੀ ਜਾਣਕਾਰੀ ਤੁਰੰਤ ਪੁਲੀਸ ਨੂੰ ਦਿੱਤੀ। ਘਟਨਾ ਵਾਲੀ ਥਾਂ ’ਤੇ ਪੁੱਜੀ ਥਾਣਾ ਡਿਵੀਜ਼ਨ ਨੰਬਰ-4 ਦੀ ਪੁਲੀਸ ਨੇ ਜਦੋਂ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਚੋਰ ਡੀਵੀਆਰ ਵੀ ਨਾਲ ਲੈ ਗਏ। ਇਸ ਮਗਰੋਂ ਨੇੜਲੇ ਕੈਮਰਿਆਂ ਦੀ ਜਾਂਚ ਕਰਨ ਮਗਰੋਂ ਸਾਹਮਣੇ ਆਇਆ ਕਿ 2 ਵਾਹਨਾਂ ’ਤੇ ਆਏ 6 ਲੋਕਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੁਕਾਨ ਮਾਲਕ ਕਪਿਲ ਅਰੋੜਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸੋਮਵਾਰ ਦੀ ਰਾਤ ਨੂੰ ਦੁਕਾਨ ਬੰਦ ਕਰ ਚੱਲੇ ਗਏ। ਮੰਗਲਵਾਰ ਦੀ ਸਵੇਰੇ ਦੁਕਾਨ ਦੇ ਬਾਹਰ 2 ਪਹੀਆ ਵਾਹਨਾਂ ’ਤੇ 6 ਨੌਜਵਾਨ ਸਵਾਰ ਹੋ ਕੇ ਆਏ ਅਤੇ ਕੁਝ ਸਮਾਂ ਦੁਕਾਨ ਦੇ ਬਾਹਰ ਖੜ੍ਹੇ ਹੋ ਕੇ ਗੱਲਾਂ ਕਰਦੇ ਰਹੇ ਅਤੇ ਤਾਲੇ ਤੋੜ ਕੇ ਅੰਦਰ ਚਲੇ ਗਏ। ਮੁਲਜ਼ਮਾਂ ਨੇ ਕਰੀਬ 25 ਮਿੰਟ ਤੱਕ ਅੰਦਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਗੱਲੇ ’ਚ ਪਈ 25 ਲੱਖ ਦੀ ਨਕਦੀ ਸਣੇ ਹੋਰ ਕੀਮਤੀ ਸਾਮਾਨ ਚੋਰੀ ਕਰ ਫ਼ਰਾਰ ਹੋ ਗਏ ਅਤੇ ਜਾਂਦੇ ਜਾਂਦੇ ਕੈਮਰਿਆਂ ਦਾ ਡੀਵੀਆਰ ਵੀ ਲੈ ਗਏ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 4 ਦੇ ਐੱਸਐੱਚਓ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਦੀ ਜਾਂਚ ’ਚ ਇਹੀ ਪਤਾ ਲੱਗਿਆ ਕਿ ਚੋਰਾਂ ਨੇ ਜਿਸ ਹਿਸਾਬ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਸ ਤੋਂ ਲੱਗਦਾ ਹੈ ਕਿ ਮਾਲਕ ਦਾ ਕੋਈ ਜਾਣਕਾਰ ਹੀ ਇਸ ਘਟਨਾ ਨੂੰ ਅੰਜਾਮ ਦੇ ਕੇ ਗਿਆ ਹੈ। ਅੰਦਰ ਸੀਸੀਟੀਵੀ ਫੁਟੇਜ ਤਾਂ ਮਿਲੀ ਨਹੀਂ, ਪਰ ਬਾਹਰ ਲੱਗੇ ਕੈਮਰਿਆਂ ’ਚ ਪਤਾ ਲੱਗਿਆ ਕਿ 6 ਦੇ ਕਰੀਬ ਮੁਲਜ਼ਮ ਸਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਮੁਲਜ਼ਮਾਂ ਦਾ ਪਤਾ ਲਾ ਲਿਆ ਜਾਵੇਗਾ। ਫਿਲਹਾਲ ਅਣਪਛਾਤੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।