ਪੱਤਰ ਪੇ੍ਰਕ
ਤਲਵਾੜਾ, 20 ਮਈ
ਬਲਾਕ ਦੇ ਨੀਮ ਪਹਾੜੀ ਪਿੰਡ ਧਰਮਪੁਰ ‘ਚ ਫਾਇਰ ਸੀਜ਼ਨ ’ਤੇ ਪਾਬੰਦੀ ਦੇ ਬਾਵਜੂਦ ਚੱਲ ਰਹੀਆਂ ਕੱਚੇ ਕੋਲੇ ਦੀਆਂ ਭੱਠੀਆਂ ਦੀ ਕਵਰੇਜ ਕਰਨ ਗਏ ਪੱਤਰਕਾਰ ’ਤੇ ਲੱਕੜ ਮਾਫੀਆ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਪ੍ਰੈੱਸ ਕਲੱਬ ਤਲਵਾੜਾ ਨੇ ਹਮਲੇ ਦੀ ਨਿਖੇਧੀ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਦਸੂਹਾ ਤੋਂ ਨਿਕਲਦੇ ਹਫ਼ਾਤਾਵਰੀ ਅਖ਼ਬਾਰ੍ਹ ਦੇ ਪੱਤਰਕਾਰ ਬਲਦੇਵ ਰਾਜ ਟੋਹਲੂ ਨੇ ਦੱਸਿਆ ਕਿ ਅੱਜ ਉਹ ਬਾਅਦ ਦੁਪਹਿਰ ਪਿੰਡ ਧਰਮਪੁਰ ਤੇ ਦੇਹਰੀਆਂ ਦੇ ਜੰਗਲਾਂ ’ਚ ਲੱਗੀ ਅੱਗ ਦੀ ਕਵਰੇਜ ਕਰਨ ਗਿਆ ਸੀ, ਜਦੋਂ ਇੱਕ ਖੱਡ ’ਚ ਕੱਚੇ ਕੋਲੇ ਲਈ ਲਾਈਆਂ ਮਘੀਆਂ ਭੱਠੀਆਂ ਦੇਖੀਆਂ, ਅਜੇ ਮੋਬਾਈਲ ਰਾਹੀਂ ਫੋਟੋ ਖਿੱਚਣ ਲੱਗਾ ਸੀ, ਕਿ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀਆਂ, ਜਿਸ ਵਿੱਚ ਇੱਕ ਬਿੱਲੂ ਵਾਸੀ ਧਰਮਪੁਰ ਸੀ, ਨੇ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ, ਰੋਲਾ ਪਾਉਣ ’ਤੇ ਹਮਲਾਵਰ ਫਰਾਰ ਹੋ ਗਏ। ਬਲਦੇਵ ਰਾਜ ਟੋਹਲੂ ਨੂੰ ਮੁੱਢਲੀ ਸਹਾਇਤਾ ਲਈ ਸਥਾਨਕ ਬੀਬੀਐੱਮਬੀ ਹਸਪਤਾਲ ਲੈਜਾਇਆ ਗਿਆ। ਤਲਵਾੜਾ ਪੁਲੀਸ ਨੇ ਬਲਦੇਵ ਰਾਜ ਟੋਹਲੂ ਦੇ ਬਿਆਨ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।