ਨਵੀਂ ਦਿੱਲੀ, 3 ਦਸੰਬਰ
ਭਾਰਤ ਅਤੇ ਬੰਗਲਾਦੇਸ਼ ਵੱਲੋਂ ਡਾਇਰੈਕਟਰ ਜਨਰਲ ਪੱਧਰ ਦੀ ਸਰਹੱਦੀ ਗੱਲਬਾਤ ਇਸ ਮਹੀਨੇ ਦੇ ਅਖੀਰ ’ਚ ਗੁਹਾਟੀ ’ਚ ਕੀਤੀ ਜਾਵੇਗੀ। ਇਹ ਪਹਿਲੀ ਵਾਰ ਹੈ ਜਦੋਂ ਦੋਵੇਂ ਮੁਲਕ ਦਿੱਲੀ ਤੋਂ ਬਾਹਰ ਇਹ ਮੁਲਾਕਾਤ ਕਰਨਗੇ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਸ ਉੱਚ ਪੱਧਰੀ ਗੱਲਬਾਤ ਦਾ 51ਵਾਂ ਸੈਸ਼ਨ ਬਾਰਡਰ ਸਕਿਉਰਿਟੀ ਫੋਰਸ (ਬੀਐੱਸਐੱਫ) ਅਤੇ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਵਿਚਾਲੇ ਹੋਵੇਗਾ ਜੋ ਕਿ 22 ਦਸੰਬਰ ਤੋਂ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਚਾਰ ਦਿਨਾਂ ਤੱਕ ਕਈ ਕਿਸਮ ਦੇ ਸਰਹੱਦੀ ਅਪਰਾਧ ਖਤਮ ਕਰਨ ਅਤੇ ਦੋਵਾਂ ਮੁਲਕਾਂ ਵਿਚਾਲੇ ਸਹਿਯੋਗ ਵਧਾਉਣ ਸਬੰਧੀ ਗੱਲਬਾਤ ਕੀਤੀ ਜਾਵੇਗੀ। ਇਹ ਮੁਲਾਕਾਤ ਦਿੱਲੀ ਤੋਂ ਬਾਹਰ ਰੱਖਣ ਦਾ ਕਾਰਨ ਦੱਸਦਿਆਂ ਅਧਿਕਾਰੀ ਨੇ ਕਿਹਾ ਕਿ ਇਹ ਮੁਲਾਕਾਤ ਸਰਹੱਦ ਨੇੜੇ ਹੋਣ ਕਾਰਨ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਨੂੰ ਇਕੱਠਿਆਂ ਅਸਾਮ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨ ਦਾ ਮੌਕਾ ਮਿਲ ਸਕਦਾ ਹੈ।
-ਪੀਟੀਆਈ