ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਅਕਤੂਬਰ
ਇਥੇ ਘੱਗਰ ਬ੍ਰਾਂਚ ਨਹਿਰ ਦੇ ਪੁਲ ਨੂੰ ਸਤੰਬਰ ਦੇ ਦੂਜੇ ਹਫਤੇ ਬੁਰੀ ਤਰ੍ਹਾਂ ਟੁੱਟਣ ਕਰਕੇ ਆਵਾਜਾਈ ਨੂੰ ਬਦਲਵੇਂ ਰੂਟਾਂ ’ਤੇ ਭੇਜਣ ਦੀ ਹਦਾਇਤ ਕੀਤੀ ਸੀ ਪਰ ਸੜਕ ’ਤੇ ਟੌਲ ਪਲਾਜ਼ਾ ਨਾ ਹੋਣ ਕਰਕੇ ਹਰਿਆਣਾ, ਦਿੱਲੀ, ਰਾਜਸਥਾਨ ਤੇ ਲੁਧਿਆਣਾ ਦੇ ਟਰੱਕਾਂ, ਬੱਸਾਂ ਤੇ ਹੋਰ ਆਵਾਜਾਈ ਨੂੰ ਕੋਟੜਾ ਲੇਹਲ ਗਾਗਾ ਸੜਕ ਤੇ ਛਾਜਲੀ ਨੰਗਲਾ ਅੜਕਵਾਸ ਭੇਜਿਆ ਜਾ ਰਿਹਾ ਹੈ ਜਿਸ ਕਾਰਨ ਪੰਜ ਕਿਲੋਮੀਟਰ ਦੂਰੀ ਦਾ ਵਾਧੂ ਸਫਰ ਕਰਨਾ ਪੈਂਦਾ ਹੈ। ਇਹ ਪੁਲ ਹੈਵੀ ਟਰੈਫਿਕ ਨੂੰ ਸਹਿਣ ਨਹੀਂ ਕਰ ਸਕਦਾ ਸੀ ਪਰ ਪ੍ਰਸ਼ਾਸਨ ਨੇ ਛੋਟੇ ਵਾਹਨਾਂ ਨੂੰ ਲੰਘਣ ਲਈ ਥਾਂ ਦੇਣ ਮਗਰੋਂ ਹਨ੍ਹੇਰੇ ਸਵੇਰੇ ਤੇ ਬੱਸਾਂ ਵੀ ਟੁੱਟੇ ਪੁਲ ਤੋਂ ਲੰਘਣ ਦਾ ਸਾਵਧਾਨੀ ਬੋਰਡਾਂ ਨੂੰ ਅਣਦੇਖਾ ਕਰਕੇ ਖਤਰਾ ਮੁੱਲ ਲੈਣ ਲੱਗੀਆਂ ਹਨ। ਇਸ ਪੁਲ ਦੀ ਹਾਲਤ ਖਸਤਾ ਹੋ ਗਈ ਹੈ। ਮੁਰੰਮਤ ਦਾ ਕੰਮ ਸ਼ੁਰੂ ਨਾ ਹੋਣ ਕਰਕੇ ਇਥੇ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਸੰਕੇਕਤ ਧਰਨਾ ਦਿੱਤਾ। ਧਰਨੇ ਨੂੰ ਗੁਰਵਿੰਦਰ ਖਰੌਡ, ਵਿੱਕੀ ਕੁਮਾਰ, ਗੁਰਵਿੰਦਰ ਗਾਗਾ, ਤਰਲੋਚਨ ਭੋਡੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਸਰਕਾਰ ਕੋਲ ਫੰਡਾਂ ਦੀ ਘਾਟ ਹੈ ਤਾਂ ਸਰਕਾਰ ਲਿਖਤੀ ਜਵਾਬ ਦੇਵੇ ਤਾਂ ਜੋ ਉਹ ਕਾਰ ਸੇਵਾ ਵਾਲੇ ਬਾਬਿਆਂ ਰਾਹੀਂ ਜਾਂ ਖੁਦ ਪੈਸੇ ਇਕੱਠੇ ਕਰਕੇ ਸੁਨਾਮ, ਸੰਗਰੂਰ, ਪਟਿਆਲਾ, ਬਠਿੰਡਾ, ਲੁਧਿਆਣਾ ਨੂੰ ਜਾਂਦੀ ਟਰੈਫਿਕ ਲਈ ਇੱਕਲੌਤੇ ਨਹਿਰੀ ਪੁਲ ਦੀ ਉਸਾਰੀ ਕੀਤੀ ਜਾ ਸਕੇ।
ਉਧਰ, ਸ਼ਹਿਰੀ ਤੇ ਪੇਂਡੂ ਵਿਕਾਸ ਸੁਸਾਇਟੀ ਦੇ ਪ੍ਰਧਾਨ ਦੀਪਕ ਜੈਨ ਨੇ ਮੁੱਖ ਮੰਤਰੀ, ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਮੇਲ ਭੇਜ ਕੇ 26 ਦਿਨਾਂ ਤੋਂ ਟੁੱਟੇ ਪੁਲ ਦੀ ਮੁਰੰਮਤ ਲਈ ਨਹਿਰੀ ਪਾਣੀ ਦੀ ਬੰਦੀ ਤੇ ਫੰਡ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਧਰ, ਵਿਸ਼ਵ ਬੈਂਕ ਦੇ ਐੱਸਡੀਈ ਰਤਨ ਜਿੰਦਲ ਨੇ ਕਿਹਾ ਕਿ ਵਿਭਾਗ ਨੂੰ ਨਹਿਰੀ ਵਿਭਾਗ ਨੇ ਮੰਗ ’ਤੇ 15 ਅਕਤੂਬਰ ਤੋਂ ਬੰਦੀ ਐਲਾਨ ਦਿੱਤੀ ਹੈ ਤੇ ਮੰਤਰੀ ਅਨੁਸਾਰ ਇਸ ਲਈ ਫੌਰੀ ਫੰਡ ਜਾਰੀ ਕਰ ਦਿੱਤੇ ਜਾਣਗੇ। ਐੱਸਡੀਈ ਰਤਨ ਜਿੰਦਲ ਨੇ ਕਿਹਾ ਕਿ ਵਿਭਾਗ ਨੂੰ ਨਹਿਰੀ ਵਿਭਾਗ ਨੇ ਮੰਗ ’ਤੇ 15 ਅਕਤੂਬਰ ਤੋਂ ਬੰਦੀ ਐਲਾਨ ਦਿੱਤੀ ਹੈ ਤੇ ਮੰਤਰੀ ਅਨੁਸਾਰ ਇਸ ਲਈ ਫੌਰੀ ਫੰਡ ਜਾਰੀ ਕਰ ਦਿੱਤੇ ਜਾਣਗੇ।