ਪੱਤਰ ਪ੍ਰੇਰਕ
ਪਟਿਆਲਾ, 7 ਜਨਵਰੀ
ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਅਕਾਲੀ ਦਲ-ਬਸਪਾ ਲੋਕਾਂ ਦੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਖਰਾ ਉੱਤਰੇਗੀ ਕਿਉਂਕਿ ਅਕਾਲੀ-ਬਸਪਾ ਹੀ ਲੋਕਾਂ ਦੀ ਆਪਣੀ ਪਾਰਟੀ ਹੈ, ਜਿਸ ’ਤੇ ਲੋਕ ਵਿਸ਼ਵਾਸ ਕਰਦੇ ਹਨ। ਬਿੱਟੂ ਚੱਠਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਕ ਜਨ ਸਭਾ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਅਤੇ ਅੱਜ ਵੀ ਮੁੱਖ ਮੰਤਰੀ ਚੰਨੀ ਵੱਲੋਂ ਲੋਕਾਂ ਨਾਲ ਝੂਠ ਬੋਲ ਕੇ ਧਰੋਹ ਕਮਾਇਆ ਜਾ ਰਿਹਾ ਹੈ, ਜਿਸ ਦਾ ਹਿਸਾਬ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਜਾਵੇਗਾ। ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਸਾਬਕਾ ਕੌਂਸਲਰ ਮਾਲਵਿੰਦਰ ਸਿੰਘ ਝਿਲ, ਸਾਬਕਾ ਕੌਂਸਲਰ ਹਰਵਿੰਦਰ ਸਿੰਘ ਬੱਬੂ, ਹਰਿੰਦਰ ਸਿੰਘ ਹਰਦਾਸਪੁਰ, ਰਣਧੀਰ ਸਿੰਘ ਬਾਰਨ, ਨਰਿੰਦਰ ਸਿੰਘ ਝਿਲ, ਕੁਲਵੰਤ ਸਿੰਘ ਵਿਸਾਖੀ, ਗੁਰਜੀਤ ਸਿੰਘ ਸਾਬਕਾ ਸਰਪੰਚ ਬਾਰਨ, ਹਰਿੰਦਰ ਸਿੰਘ ਬਾਵਾ, ਹਰਬੰਸ ਸਿੰਘ ਪੰਚ, ਲਖਵੀਰ ਸਿੰਘ ਭੱਟੀ ਵੀ ਹਾਜ਼ਰ ਸਨ।