ਜਸਵੰਤ ਜੱਸ
ਫ਼ਰੀਦਕੋਟ, 4 ਮਾਰਚ
ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ ਸੰਧਵਾਂ ਵਿਧਾਨ ਸਭਾ ਚੋਣਾਂ ਦੌਰਾਨ ਸਭ ਤੋਂ ਵੱਧ ਦਿਲਚਸਪ ਅਤੇ ਖਿੱਚ ਦਾ ਕੇਂਦਰ ਰਿਹਾ ਹੈ। ਇਸ ਪਿੰਡ ਦੇ ਦੋ ਵਸਨੀਕ ਇਸ ਵਾਰ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਆਹਮੋ-ਸਾਹਮਣੇ ਹਨ ਅਤੇ ਦੋਹਾਂ ਉਮੀਦਵਾਰਾਂ ਦਰਮਿਆਨ ਚੋਣਾਂ ਵਿੱਚ ਆਪਣੇ ਪਿੰਡ ’ਚੋਂ ਵੱਧ ਵੋਟਾਂ ਲੈਣ ਲਈ ਅੱਡੀ-ਚੋਟੀ ਦਾ ਜ਼ੋਰ ਲੱਗਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੁਲਤਾਰ ਸਿੰਘ ਸੰਧਵਾਂ ਅਤੇ ਮਨਤਾਰ ਸਿੰਘ ਬਰਾੜ ਆਪਣੇ ਪਿੰਡ ਵਿੱਚੋਂ ਵੱਧ ਵੋਟਾਂ ਹਾਸਲ ਨਹੀਂ ਕਰ ਸਕੇ ਸਨ। ਸਾਲ 2017 ਵਿੱਚ ਇਸ ਪਿੰਡ ‘ਚੋਂ ਕਾਂਗਰਸੀ ਉਮੀਦਵਾਰ ਭਾਈ ਹਰਨਿਰਪਾਲ ਸਿੰਘ ਕੁੱਕੂ ਨੂੰ ਕੁਲਤਾਰ ਸਿੰਘ ਸੰਧਵਾਂ ਨਾਲੋਂ 12 ਵੋਟਾਂ ਵੱਧ ਮਿਲੀਆਂ ਸਨ। ਦੱਸਣਯੋਗ ਹੈ ਕਿ ਪਿੰਡ ਸੰਧਵਾਂ ਫ਼ਰੀਦਕੋਟ ਜ਼ਿਲ੍ਹੇ ਦਾ ਇਕਲੌਤਾ ਅਜਿਹਾ ਪਿੰਡ ਹੈ, ਜਿੱਥੇ ਸਭ ਤੋਂ ਵੱਧ ਦਲਿਤ ਵੋਟਰ ਹਨ। ਕੁੱਲ 4400 ਵੋਟ ਵਾਲੇ ਪਿੰਡ ਸੰਧਵਾਂ ਦੀ 90 ਫੀਸਦੀ ਵੋਟ ਦਲਿਤ ਆਬਾਦੀ ਦੀ ਹੈ ਅਤੇ ਇਸ ਵਾਰ ਪਿੰਡ ਵਿੱਚ 82 ਫ਼ੀਸਦੀ ਪੋਲਿੰਗ ਹੋਈ ਹੈ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਨੂੰ ਆਪਣੇ ਪਿੰਡ ਵਿੱਚੋਂ ਵੱਡੀ ਲੀਡ ਮਿਲਣ ਦੀ ਸੰਭਾਵਨਾ ਹੈ। ਦੂਜੇ ਪਾਸੇ ਅਕਾਲੀ ਉਮੀਦਵਾਰ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਹੁਣ ਤੱਕ ਚਾਰ ਵਿਧਾਨ ਸਭਾ ਚੋਣਾਂ ਲੜੀਆਂ ਹਨ ਅਤੇ ਦੋ ਚੋਣਾਂ ਵਿੱਚ ਉਸ ਨੂੰ ਆਪਣੇ ਪਿੰਡ ਵਿੱਚ ਵੋਟਾਂ ਦੀ ਵੱਡੀ ਲੀਡ ਮਿਲੀ ਸੀ ਅਤੇ ਇਸ ਵਾਰ ਵੀ ਉਹ ਆਪਣੇ ਪਿੰਡ ਵਿੱਚੋਂ ਜੇਤੂ ਰਹੇਗਾ, ਕਿਉਂਕਿ ਕਰੋਨਾ ਕਾਲ ਸਮੇਂ ਉਸ ਨੇ ਆਪਣੇ ਪਿੰਡ ਦੇ ਹਰ ਪਰਿਵਾਰ ਦੀ ਲੋੜ ਪੂਰੀ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਤੋਂ ਬਿਨਾਂ ਕਿਸੇ ਵੀ ਪਾਰਟੀ ਨੇ ਪਿੰਡ ਦੀ ਸਾਰ ਨਹੀਂ ਲਈ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੀ ਪਿੰਡ ਸੰਧਵਾਂ ਦੇ ਵਸਨੀਕ ਸਨ ਅਤੇ ਪੰਜਾਬ ਦੇ ਸਹਿਕਾਰਤਾ ਮੰਤਰੀ ਜਸਵਿੰਦਰ ਸਿੰਘ ਬਰਾੜ ਵੀ ਇਸੇ ਹੀ ਪਿੰਡ ਦੇ ਵਸਨੀਕ ਸਨ। ਜਸਵਿੰਦਰ ਸਿੰਘ ਬਰਾੜ ਨੇ ਵੀ 1972 ਵਿੱਚ ਆਪਣੇ ਪਿੰਡ ‘ਚੋਂ ਜਿੱਤ ਹਾਸਲ ਕੀਤੀ ਸੀ ਜਦੋਂਕਿ ਗਿਆਨੀ ਜ਼ੈਲ ਸਿੰਘ ਕੋਟਕਪੂਰਾ ਦੀ ਥਾਂ ਅਨੰਦਪੁਰ ਸਾਹਿਬ ਤੋਂ ਚੋਣ ਲੜੇ ਸਨ। ਗਿਆਨੀ ਜ਼ੈਲ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਪਿੰਡ ਵਿੱਚ ਧਾਗਾ ਮਿੱਲ ਸਥਾਪਿਤ ਕੀਤੀ ਸੀ। ਗੁਰਦੀਪ ਸਿੰਘ ਨੇ ਕਿਹਾ ਕਿ ਧਾਗਾ ਮਿੱਲ ਪਿਛਲੇ ਪੰਜ ਸਾਲ ਤੋਂ ਬੰਦ ਪਈ ਹੈ ਅਤੇ ਕਿਸੇ ਵੀ ਸਿਆਸੀ ਪਾਰਟੀ ਨੇ ਇਸ ਮਿੱਲ ਨੂੰ ਮੁੜ ਚਲਾਉਣ ਦੀ ਹਾਮੀ ਨਹੀਂ ਭਰੀ। ਇਸ ਕਰਕੇ ਉਹ ਸਿਆਸੀ ਪਾਰਟੀ ਦੇ ਉਮੀਦਵਾਰਾਂ ਤੋਂ ਨਿਰਾਸ਼ ਹਨ ਅਤੇ ਚੋਣਾਂ ਵੇਲੇ ਪਿੰਡ ਦਾ ਉਮੀਦਵਾਰ ਹੋਣ ਵਾਲਾ ਮੁੱਦਾ ਵੋਟਰਾਂ ਉੱਪਰ ਭਾਰੂ ਨਹੀਂ ਰਿਹਾ।