ਸਾਧਨਹੀਣਿਆਂ ਦੀ ਵਾਰਤਾ
19 ਫਰਵਰੀ ਨੂੰ ਨਜ਼ਰੀਆ ਪੰਨੇ ’ਤੇ ਨਿਕਿਤਾ ਆਜ਼ਾਦ ਦਾ ਲੇਖ ‘ਕਿਸਾਨੀ ਸੰਘਰਸ਼ ਅਤੇ ਪੰਜਾਬੀ ਗੁੰਝਲਾਂ’ ਧੁਰ ਅੰਦਰ ਤਕ ਹਿਲਾ ਦਿੰਦਾ ਹੈ। ਲੇਖਕ ਨੇ ਸਾਧਨਹੀਣ ਦਲਿਤ ਅਤੇ ਔਰਤ ਦੀ ਤਰਾਸਦੀ ਨੂੰ ਬੇਬਾਕ ਢੰਗ ਨਾਲ ਬਿਆਨ ਕੀਤਾ ਹੈ। ਦੱਸਿਆ ਹੈ ਕਿ ਦਲਿਤ ਅਤੇ ਔਰਤਾਂ ਮੌਜੂਦਾ ਕਿਸਾਨੀ ਘੋਲ ਦਾ ਹਿੱਸਾ ਹੁੰਦੇ ਹੋਏ ਵੀ ‘ਕਿਸਾਨ’ ਦੀ ਸਮੀਖਿਆ ਤੋਂ ਬਾਹਰ ਹਨ। ਇਨ੍ਹਾਂ ਅਤਿ ਪੀੜਤ ਵਰਗਾਂ ਨੂੰ ਵੀ ਸਾਧਨਾਂ ਅਤੇ ਸੱਤਾ ਵਾਲੇ ਹੋਣ ਲਈ ਬਰਾਬਰ ਦੀ ਹਿੱਸੇਦਾਰੀ ਦਿੱਤੀ ਜਾਣੀ ਚਾਹੀਦੀ ਹੈ। ਕਿਸਾਨੀ ਸੰਘਰਸ਼ ਆਪਣੇ ਅੰਦਰਲੇ ਪੀੜਤਾਂ ਲਈ ਕੀ ਫ਼ਲ ਪ੍ਰਾਪਤ ਕਰਕੇ ਦੇਵੇਗਾ, ਇਹ ਵੀ ਅਹਿਮ ਸਵਾਲ ਹੈ।
ਸਾਗਰ ਸਿੰਘ ਸਾਗਰ, ਬਰਨਾਲਾ
ਵਿਗਿਆਨਕ ਯੁੱਗ ਬਨਾਮ ਜਹਾਲਤ
ਕੁਲਦੀਪ ਸਿੰਘ ਧਨੌਲਾ ਦਾ ਮਿਡਲ ‘ਨੰਗੇ ਪੈਰੀਂ’ (20 ਫਰਵਰੀ) ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਫੈਲੀ ਜਹਾਲਤ ਨੂੰ ਵਧੀਆ ਢੰਗ ਨਾਲ ਬਿਆਨ ਕਰਦਾ ਹੈ। ਲੱਗਦਾ ਹੈ ਕਿ ਲੇਖਕ ਦੇ ਦੋਸਤ ਨੇ ਨੰਗੇ ਪੈਰੀਂ ਧਰਮ ਸਥਾਨ ’ਤੇ ਜਾਣਾ ਹੀ ਛੱਡਿਆ ਹੈ, ਜੋਤਸ਼ੀਆਂ ਕੋਲ ਜਾਣਾ ਨਹੀਂ।
ਨਿਰਮਲ ਸਿੰਘ ਕੰਧਾਲਵੀ, ਯੂਕੇ
(2)
20 ਫਰਵਰੀ ਦੇ ਮਿਡਲ ‘ਨੰਗੇ ਪੈਰੀਂ’ (ਕੁਲਦੀਪ ਸਿੰਘ ਧਨੌਲਾ) ਵਿਚ ਧਾਰਮਿਕ ਸਥਾਨ ’ਤੇ ਜਾਣ ਕਰ ਕੇ ਕੁਝ ਮਿਲਣ ਦੀ ਬਜਾਏ ਮੁਸ਼ਕਿਲ ਵਿਚ ਫਸਣ ਤੋਂ ਜ਼ਾਹਿਰ ਹੈ ਕਿ ਇਹ ਨਿਰਾ ਅੰਧਵਿਸ਼ਵਾਸ ਹੈ। ਇਸ ਬਾਰੇ ਸਿੱਧਾ ਸਵਾਲ ਇਹ ਹੈ ਕਿ ਅਜਿਹੀ ਸਲਾਹ ਦੇਣ ਵਾਲਾ ਆਪ ਕਿਉਂ ਨਹੀਂ ਅਜਿਹਾ ਕਰ ਕੇ ਅਮੀਰ ਹੋ ਜਾਂਦਾ? 15 ਫਰਵਰੀ ਦਾ ਸੰਪਾਦਕੀ ‘ਵਿਦਿਅਕ ਅਦਾਰਿਆਂ ਦਾ ਸੰਕਟ’ ਪੜ੍ਹਿਆ। ਇਸ ਸੰਕਟ ਦਾ ਮੁੱਖ ਕਾਰਨ ਕੇਂਦਰ ਅਤੇ ਰਾਜ ਸਰਕਾਰਾਂ ਦੀ ਲਾਪ੍ਰਵਾਹੀ ਹੈ। ਪ੍ਰਾਈਵੇਟ ਕਾਲਜ ਯੂਨੀਵਰਸਿਟੀਆਂ ਪੜ੍ਹਾਈ ਲਈ ਚੰਗੇ ਤਾਂ ਹਨ ਲੇਕਿਨ 95 ਫ਼ੀਸਦੀ ਵਿਦਿਆਰਥੀ ਇਨ੍ਹਾਂ ਦੀ ਫ਼ੀਸ ਦੇਣ ਦੇ ਸਮਰੱਥ ਨਹੀਂ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਸਰਕਾਰ ਦੀ ਮਾੜੀ ਪਹੁੰਚ
19 ਫਰਵਰੀ ਦਾ ਸੰਪਾਦਕੀ ‘ਇਤਿਹਾਸ ਦੀ ਨਿਰਾਦਰੀ’ ਪੜ੍ਹਿਆ। ਅਸਲ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬੀਆਂ/ਸਿੱਖਾਂ ਨੂੰ ਤੰਗ ਕਰ ਰਹੀ ਹੈ ਅਤੇ ਨਫ਼ਰਤ ਦੇ ਬੀਜ, ਬੀਜ ਰਹੀ ਹੈ। ਇਹ ਕੋਝੀ ਸਿਆਸਤ ਮੁਲਕ ਨੂੰ ਲੈ ਡੁੱਬੇਗੀ। ਇਸ ਤੋਂ ਬਚਣਾ ਪਵੇਗਾ।
ਬਲਬੀਰ ਸਿੰਘ, ਈਮੇਲ
ਜ਼ਬਰਦਸਤ ਸੁਨੇਹਾ
19 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਪਰਮਜੀਤ ਕੌਰ ਸਰਹਿੰਦ ਦਾ ਲੇਖ ‘ਸੱਚੋ-ਸੱਚ’ ਪੜ੍ਹਿਆ। ਇਸ ਰਚਨਾ ਦਾ ਸੁਨੇਹਾ ਬਹੁਤ ਜ਼ਬਰਦਸਤ ਹੈ। ਜੇਕਰ ਅਸੀਂ ਇਸ ਸੁਨੇਹੇ ਉੱਤੇ ਸੰਜੀਦਗੀ ਨਾਲ ਅਮਲ ਕਰੀਏ ਤਾਂ ਚੋਣ ਢਾਂਚੇ ਵਿਚ ਕਈ ਪ੍ਰਕਾਰ ਦੇ ਸੁਧਾਰ ਹੋ ਸਕਦੇ ਹਨ। ਇਸ ਪਾਸੇ ਸਭ ਨੂੰ ਰਲ-ਮਿਲ ਕੇ ਹੰਭਲਾ ਮਾਰਨਾ ਚਾਹੂੀਦਾ ਹੈ।
ਗਗਨਦੀਪ ਅਤਰੀ, ਪਿੰਡ ਭੁਰਥਲਾ ਮੰਡੇਰ (ਸੰਗਰੂਰ)
ਮਨ ਸਾਫ਼ ਨਹੀਂ
9 ਫਰਵਰੀ ਦਾ ਸੰਪਾਦਕੀ ‘ਧੰਨਵਾਦ ਮਤੇ ਦਾ ਜਵਾਬ’ ਪੜ੍ਹਿਆ। ਪ੍ਰਧਾਨ ਮੰਤਰੀ ਦੇ ਰਾਜ ਸਭਾ ਵਿਚ ਕਿਸਾਨਾਂ ਬਾਰੇ ਦਿੱਤੇ ਭਾਸ਼ਣ ਤੋਂ ਇਹੀ ਸਾਬਤ ਹੁੰਦਾ ਹੈ ਕਿ ਕੇਂਦਰ ਸਰਕਾਰ ਦਾ ਕਿਸਾਨਾਂ ਪ੍ਰਤੀ ਰਵੱਈਆ ਸੰਵੇਦਨਸ਼ੀਲ ਨਹੀਂ ਹੈ, ਸਗੋਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ‘ਅੰਦੋਲਨਜੀਵੀ’ ਵਰਗੇ ਨਵੇਂ ਨਵੇਂ ਨਾਵਾਂ ਨਾਲ ਸੰਬੋਧਨ ਕਰ ਰਹੇ ਹਨ। ਕੀ ਇਹ ਕਿਸਾਨਾਂ ਨਾਲ ਕੋਝਾ ਮਜ਼ਾਕ ਨਹੀਂ। ਪ੍ਰਧਾਨ ਮੰਤਰੀ ਦਾ ਅਜਿਹਾ ਵਿਹਾਰ ਨੈਤਿਕ ਨਹੀਂ ਸਗੋਂ ਨਿੰਦਣਯੋਗ ਹੈ। ਪਹਿਲਾਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਵਿਚਲੇ ਮੰਤਰੀਆਂ ਅਤੇ ਹੋਰ ਆਗੂਆਂ ਨੇ ਸਰਕਾਰ ਨਾਲ ਅਸਹਿਮਤੀ ਰੱਖਣ ਵਾਲੇ ਲੋਕਾਂ ਲਈ ਟੁਕੜੇ ਟੁਕੜੇ ਗੈਂਗ, ਸ਼ਹਿਰੀ ਨਕਸਲੀ, ਦੇਸ਼-ਧ੍ਰੋਹੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਸੀ। ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਦਾ ਮਨ ਸਾਫ਼ ਨਹੀਂ ਹੈ। ਉਹ ਆਏ ਦਿਨ ਲੱਛੇਦਾਰ ਭਾਸ਼ਣਾਂ ਨਾਲ ਲੋਕਾਂ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਇਹ ਰਵੱਈਆ ਮੁਲਕ ਦੇ ਲੋਕਾਂ ਨੇ ਪਸੰਦ ਨਹੀਂ ਕੀਤਾ ਹੈ ਸਗੋਂ ਇਸ ਰਵੱਈਏ ਨੂੰ ਨਿੰਦਿਆ ਹੈ।
ਪ੍ਰੋ. ਬਲਦੇਵ ਸਿੰਘ ਬੱਲੂਆਣਾ, ਪਟਿਆਲਾ
ਬਜਟ ਦੀ ਸਮੀਖਿਆ
ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 9 ਫਰਵਰੀ ਨੂੰ ਲੋਕ ਸੰਵਾਦ ਪੰਨੇ ਉੱਤੇ ਕੇਂਦਰੀ ਬਜਟ-2021 ਦੀ ਸਮੀਖਿਆ ਕੀਤੀ ਹੈ। ਇਸ ਸਮੀਖਿਆ ਵਿਚ ਕਿਤੇ ਵੀ ਬਜਟ ਦੀਆਂ ਕਮੀਆਂ ਜਾਂ ਚੰਗਿਆਈਆਂ ਦਾ ਸਾਰਥਿਕ ਤੇ ਨਿਰਪੱਖ ਆਲੋਚਨਾਤਮਕ ਅਧਿਐਨ ਨਹੀਂ ਦਿਸ ਰਿਹਾ। ਕੋਵਿਡ ਮਹਾਮਾਰੀ ਦੇ ਲੰਮੇ ਕਾਲ ਕਾਰਨ ਸੰਸਾਰ ਦੇ ਵਿਕਸਤ ਦੇਸ਼ਾਂ ਦੀ ਸਮੁੱਚੀ ਆਰਥਿਕਤਾ ਪੁੱਠੇ ਪੈਰੀਂ ਹੋਈ ਹੈ ਜਿਸ ਦੇ ਸਰਵਵਿਆਪੀ ਪ੍ਰਭਾਵ ਭਾਰਤੀ ਆਰਥਿਕਤਾ ’ਤੇ ਪੈਣ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਇਹ ਤੱਥ ਸਹੀ ਹੈ ਕਿ ਭਾਰਤ ਦੀ ਆਰਥਿਕਤਾ ਦੇ ਉਤਪਾਦਨ ਦਾ ਵੱਡਾ ਭਾਗ ਖੇਤੀਬਾੜੀ ਉਤਪਾਦਾਂ ਤੋਂ ਪ੍ਰਾਪਤ ਹੁੰਦਾ ਹੈ ਜਿਸ ਨੇ ਦੇਸ਼ ਦੀ ਆਰਥਿਕਤਾ ਨੂੰ ਮੂਧੇ ਮੂੰਹ ਹੋਣ ਤੋਂ ਬਚਾਇਆ ਹੈ। ਇਨ੍ਹਾਂ ਸਭ ਆਰਥਿਕ ਪਹਿਲੂਆਂ ਦੇ ਬਾਵਜੂਦ ਕੇਂਦਰੀ ਬਜਟ ਵਿਚ ਚੰਗੇ ਆਰਥਿਕ ਸੰਕੇਤਾਂ ਵਾਲੇ ਤੱਥ ਵੀ ਸ਼ਾਮਿਲ ਹਨ।
ਗੁਰਦੀਪ ਸਿੰਘ ਮਠਾੜੂ, ਪਿੰਡ ਦੌਲਾ (ਸ੍ਰੀ ਮੁਕਤਸਰ ਸਾਹਿਬ)