ਭਗਵਾਨ ਦਾਸ ਗਰਗ
ਨਥਾਣਾ, 14 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜ ਪਿੰਡਾਂ ਦੀਆਂ ਸਾਂਝੀਆਂ ਸਮੱਸਿਆਵਾਂ ਸਬੰਧੀ ਪੰਜਾਬ ਰਾਜ ਪਾਵਰ ਨਿਗਮ ਦੇ ਐੱਸਡੀਓ ਖ਼ਿਲਾਫ਼ ਧਰਨਾ ਦੇ ਕੇ ਘਿਰਾਓ ਕੀਤਾ ਗਿਆ। ਇਸ ਤੋਂ ਪਹਿਲਾਂ ਕਿਸਾਨ ਆਗੂਆਂ ਦੇ ਇਕ ਵਫਦ ਨੇ ਉਕਤ ਅਧਿਕਾਰੀ ਨਾਲ ਮਿਲ ਕੇ ਗੱਲਬਾਤ ਰਾਹੀਂ ਸਮੱਸਿਆ ਹੱਲ ਕਰਨ ਦਾ ਯਤਨ ਕੀਤਾ ਪ੍ਰੰਤੂ ਅਧਿਕਾਰੀ ਦੇ ਕਥਿਤ ਅੜੀਅਲ ਵਤੀਰੇ ਕਾਰਨ ਕਿਸਾਨਾਂ ਨੂੰ ਧਰਨਾ ਦੇਣ ਉਪਰੰਤ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ। ਕਿਸਾਨ ਆਗੂਆਂ ਲਖਵੀਰ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਕਈ ਟਰਾਂਸਫਾਰਮਰਾਂ ਦਾ ਤੇਲ ਲੀਕ ਕਰਨ, ਵਧੇਰੇ ਲੋਡ ਕਾਰਨ ਸਪਲਾਈ ਵਾਰ ਵਾਰ ਟਰਿੱਪ ਕਰਨ ਅਤੇ ਬਹੁਤ ਸਾਰੀਆਂ ਥਾਵਾਂ ’ਤੇ ਬਿਜਲੀ ਸਪਲਾਈ ਵਾਲੀਆਂ ਤਾਰਾਂ ਢਿੱਲੀਆਂ ਹੋਣ ਸਮੇਤ ਸਾਲ 2016 ਤੋਂ ਲਟਕਿਆ ਆ ਰਿਹਾ ਦੋ ਕਿਸਾਨਾਂ ਦੇ ਖੇਤਾਂ ਦੀਆਂ ਮੋਟਰਾਂ ਦੇ ਟਰਾਂਸਫਾਰਮਰ ਬਦਲੀ ਕਰਨ ਦਾ ਮਾਮਲਾ ਸ਼ਾਮਲ ਹੈ। ਆਗੂਆਂ ਕਿਹਾ ਕਿ ਘਿਰਾਓ ਉਪਰੰਤ ਅਧਿਕਾਰੀ ਪੁਸ਼ਪਿੰਦਰ ਕੁਮਾਰ ਨੇ ਯੂਨੀਅਨ ਆਗੂਆਂ ਨੂੰ ਬੁਲਾ ਕੇ ਕਾਰਜਕਾਰੀ ਇੰਜਨੀਅਰ ਨਾਲ ਉਨ੍ਹਾਂ ਦੀ ਗੱਲਬਾਤ ਕਰਵਾਈ। ਕਿਸਾਨ ਨੇਤਾਵਾਂ ਮੁਤਾਬਕ ਕਾਰਜਕਾਰੀ ਇੰਜਨੀਅਰ ਨੇ ਦੋਵੇ ਟਰਾਂਸਫਾਰਮਰ ਇੱਕ ਹਫ਼ਤੇ ਚ ਬਦਲੀ ਕਰਵਾਉਣ ਦਾ ਭਰੋਸਾ ਦੇਣ ਉਪਰੰਤ ਛੋਟੀਆਂ ਮੁਸ਼ਕਲਾਂ ਸਬੰਧਤ ਜੇ.ਈਜ਼ ਨੂੰ ਤਰੰਤ ਹੱਲ ਕਰਨ ਦੀ ਹਿਦਾਇਤ ਕੀਤੀ। ਯੂਨੀਅਨ ਆਗੂਆਂ ਵੱਲੋ ਇਹ ਭਰੋਸਾ ਮਿਲਣ ਉਪਰੰਤ ਘਿਰਾਉ ਖਤਮ ਕਰਕੇ ਜੇਤੂ ਰੈਲੀ ਕੀਤੀ ਗਈ।