ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਨਵੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ 342 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ ਉੱਪਰ ਲਗਾਤਾਰ ਧਰਨਾ ਦੇ ਰਹੇ ਕਿਸਾਨ ਇਸ ਵਾਰ ਦੀਵਾਲੀ ਇਨ੍ਹਾਂ ਮੋਰਚਿਆਂ ਉੱਪਰ ਹੀ ਮਨਾਉਣਗੇ। ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਦੇ ਇਸ ਅੰਦੋਲਨ ਵਿੱਚ ਸ਼ਾਮਲ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਨਾਂ ’ਤੇ ਦੀਵਾਲੀ ਮੌਕੇ ਦੀਵੇ ਜਗਾਉਣ। ਮੋਰਚੇ ਨੇ ਲੋਕਾਂ ਨੂੰ ਮੋਰਚਿਆਂ ਵਿੱਚ ਦੀਵਾਲੀ ਮਨਾਉਣ ਦਾ ਸੱਦਾ ਵੀ ਦਿੱਤਾ ਹੈ।
ਕਿਸਾਨ ਆਗੂ ਡਾ. ਦਰਸ਼ਨ ਪਾਲ ਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹੈ ਤੇ ਕਹਿੰਦਾ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ, ਜਸ਼ਨ ਦਾ ਸਮਾਂ ਉਦੋਂ ਹੀ ਆਵੇਗਾ ਜਦੋਂ ਕਿਸਾਨ ਅੰਦੋਲਨ ਦੀਆਂ ਮੰਗਾਂ ਮੋਦੀ ਸਰਕਾਰ ਪੂਰੀਆਂ ਕਰੇਗੀ। ਮੋਦੀ ਸਰਕਾਰ ਦੀ ਅੜੀਅਲ ਗ਼ੈਰ-ਜਮਹੂਰੀ ਅਤੇ ਤਰਕਹੀਣ ਪਹੁੰਚ ਕਾਰਨ ਹੁਣ ਤੱਕ 700 ਦੇ ਕਰੀਬ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋ ਚੁੱਕੇ ਹਨ। ਮੋਰਚੇ ਨੇ ਕਿਸਾਨ ਅੰਦੋਲਨ ਵਿੱਚ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਸਨਮਾਨ ਵਿੱਚ ਦੀਵਾਲੀ ਮੌਕੇ ਇੱਕ-ਇੱਕ ਦੀਵਾ ਜਗਾਉਣ ਦਾ ਸੱਦਾ ਦਿੱਤਾ ਹੈ। ਮੋਰਚੇ ਨੇ ਸਮੂਹ ਲੋਕਾਂ ਨੂੰ ਭਲਕੇ ਪੂਰੇ ਭਾਰਤ ਵਿੱਚ ਆਪਣੇ ਘਰਾਂ ਅਤੇ ਜਨਤਕ ਥਾਵਾਂ ’ਤੇ ਅਜਿਹਾ ਕਰਨ ਲਈ ਆਖਿਆ ਹੈ। ਲੋਕਾਂ ਨੂੰ ਮੋਰਚੇ ਵਾਲੀਆਂ ਥਾਵਾਂ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਦੀਵਾਲੀ ਮਨਾਉਣ ਲਈ ਸੱਦਾ ਦਿੱਤਾ ਹੈ।
ਮੋਰਚੇ ਨੇ ਕਿਹਾ ਕਿ 1 ਨਵੰਬਰ 2021 ਨੂੰ ਕੇਂਦਰੀ ਟਰੇਡ ਯੂਨੀਅਨਾਂ ਦੇ ਪਲੇਟਫਾਰਮ ਦੇ ਹਿੱਸੇਦਾਰਾਂ ਨੇ ਦਿੱਲੀ ਵਿੱਚ ਇੱਕ ਮੀਟਿੰਗ ਕੀਤੀ ਸੀ। 11 ਨਵੰਬਰ ਨੂੰ ਟਰੇਡ ਯੂਨੀਅਨਾਂ ਦੀ ਕੌਮੀ ਕਨਵੈਨਸ਼ਨ ਦੀ ਯੋਜਨਾ ਹੈ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਸੂਬਾ ਪੱਧਰੀ ਸੰਮੇਲਨ, ਜਥੇ, ਪ੍ਰਦਰਸ਼ਨ, ਮਿਨੀ ਪਾਰਲੀਮੈਂਟ, ਵਿਆਪਕ ਦਸਤਖ਼ਤ ਮੁਹਿੰਮ ਆਦਿ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ। ਇਸ ਤੋਂ ਬਾਅਦ 2022 ਵਿੱਚ ਬਜਟ ਸੈਸ਼ਨ ਦੌਰਾਨ ਦੋ ਦਿਨ ਦੀ ਦੇਸ਼ ਵਿਆਪੀ ਆਮ ਹੜਤਾਲ ਕੀਤੀ ਜਾਵੇਗੀ। ਮੀਟਿੰਗ ਨੇ 26 ਨਵੰਬਰ, ਟਰੇਡ ਯੂਨੀਅਨਾਂ ਦੀ ਕੌਮੀ ਆਮ ਹੜਤਾਲ ਦੀ ਵਰ੍ਹੇਗੰਢ ’ਤੇ ਦਿੱਲੀ ਵੱਲ ਕਿਸਾਨ ਮਾਰਚ ਨੂੰ ਦੇਸ਼ ਵਿਆਪੀ ਰੋਸ ਦਿਵਸ ਵਜੋਂ ਮਨਾਉਣ ਦਾ ਵੀ ਫ਼ੈਸਲਾ ਕੀਤਾ ਹੈ।
ਅੱਗ ਰੋਕਣ ਦੇ ਪੁਖਤਾ ਪ੍ਰਬੰਧ ਕੀਤੇ
ਸੰਯੁਕਤ ਕਿਸਾਨ ਮੋਰਚੇ ਵੱਲੋਂ ਦੀਵਾਲੀ ਦੌਰਾਨ ਸ਼ਰਾਰਤੀ ਅਨਸਰਾਂ ਉੱਪਰ ਨਜ਼ਰ ਰੱਖੀ ਜਾ ਰਹੀ ਹੈ। ਕਿਸੇ ਸੂਰਤ ਵਿੱਚ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਅਗਾਊਂ ਪ੍ਰਬੰਧ ਕੀਤੇ ਹੋਏ ਹਨ। ਯੂਥ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਪਾਣੀ ਵਾਲੀਆਂ ਟੈਂਕੀਆਂ ਭਰ ਲਈਆਂ ਗਈਆਂ ਹਨ। ਸਥਾਨਕ ਅੱਗ ਬੁਝਾਊ ਦਸਤੇ ਵੱਲੋਂ 4 ਨਵੰਬਰ ਨੂੰ 3 ਅੱਗ ਬੁਝਾਊ ਇੰਜਣ ਸਿੰਘੂ ਮੋਰਚੇ ਉੱਪਰ ਤਾਇਨਾਤ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਮੋਰਚੇ ਉੰਪਰ ਕਰੀਬ ਅੱਧੀ ਦਰਜਨ ਅੱਗ ਦੀਆਂ ਘਟਨਾਵਾਂ ਬੀਤੇ ਮਹੀਨਿਆਂ ਦੌਰਾਨ ਵਾਪਰ ਚੁੱਕੀਆਂ ਹਨ ਤੇ ਕਿਸਾਨਾਂ ਦੇ ਆਰਜ਼ੀ ਟੈਂਟ ਨੁਕਸਾਨੇ ਗਏ ਸਨ।