ਜਸਵੰਤ ਜੱਸ
ਫ਼ਰੀਦਕੋਟ, 19 ਅਪਰੈਲ
ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਮੁਆਫ਼ ਕੀਤੇ ਜਾ ਰਹੇ ਬਿਜਲੀ ਬਿੱਲ ਵਿਵਾਦਾਂ ਵਿੱਚ ਘਿਰ ਰਹੇ ਹਨ। ਜਰਨਲ ਵਰਗ ਨੇ ਅੱਗ ਇੱਥੇ ਬਿਜਲੀ ਬੋਰਡ ਦਫ਼ਤਰ ਅੱਗੇ ਪੱਕੇ ਧਰਨੇ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਰਕਾਰ ਸਾਰੇ ਵਰਗਾਂ ਨੂੰ ਇੱਕ ਸਾਰ ਰਿਆਇਤਾਂ ਦੇਵੇ। ਸੁਖਮੰਦਰ ਸਿੰਘ, ਅਮਨਦੀਪ ਸਿੰਘ, ਅਸ਼ੋਕ ਕੁਮਾਰ, ਪ੍ਰੇਮ ਸਿੰਘ ਅਤੇ ਰਾਜਨ ਸਿੰਘ ਨੇ ਕਿਹਾ ਕਿ ਜਰਨਲ ਵਰਗ ਨੂੰ 600 ਯੂਨਿਟ ਤੋਂ ਵੱਧ ਬਿਜਲੀ ਖਪਤ ਕਰਨ ’ਤੇ ਸਾਰੇ ਯੂਨਿਟਾਂ ਦਾ ਬਿੱਲ ਅਦਾ ਕਰਨ ਦਾ ਜਾਰੀ ਕੀਤਾ ਫੁਰਮਾਨ ਪੱਖਪਾਤੀ ਹੈ ਤੇ ਸਰਕਾਰ ਦਾ ਇਹ ਫੈਸਲਾ ਸਮਾਜ ਵਿੱਚ ਵੰਡੀਆਂ ਪਾਉਣ ਵਾਲਾ ਹੈ। ਸਾਰੇ ਵਰਗਾਂ ਲਈ ਇੱਕੋ ਜਿਹੀਆਂ ਰਿਆਇਤਾਂ ਲਾਗੂ ਕਰਵਾਉਣ ਲਈ ਧਰਨੇ ’ਤੇ ਬੈਠੇ ਲੋਕਾਂ ਨਾਲ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਧਰਨੇ ’ਚ ਜਾ ਕੇ ਮੁਲਾਕਾਤ ਕੀਤੀ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਮੁਆਫ਼ੀ ਦਾ ਫੈਸਲਾ ਸੋਚ ਸਮਝ ਕੇ ਲਿਆ ਹੈ ਤੇ ਇਸ ਮੁਆਫ਼ੀ ਦਾ ਸਮਾਜ ਦੇ ਸਾਰੇ ਵਰਗਾਂ ਨੂੰ ਬਰਾਬਰ ਲਾਭ ਮਿਲੇਗਾ। ਵਿਧਾਇਕ ਨੇ ਕਿਹਾ ਕਿ ਇਹ ਮਾਮਲਾ ਉਹ ਮੁੱਖ ਮੰਤਰੀ ਦੇ ਧਿਆਨ ਵਿੱਚ ਵੀ ਲਿਆਉਣਗੇ। ਧਰਨਾਕਾਰੀਆਂ ਨੇ ਧਰਨਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਅਸ਼ੋਕ ਕੁਮਾਰ ਨੇ ਕਿਹਾ ਕਿ ਸਾਰੇ ਵਰਗ ਪੰਜਾਬ ਦੀ ਸਰਕਾਰ ਨੂੰ ਵਿਕਾਸ ਤੇ ਖੁਸ਼ਹਾਲੀ ਲਈ ਸਹਿਯੋਗ ਕਰਨ ਵਾਸਤੇ ਤਿਆਰ ਹਨ ਪਰ ਬਿਜਲੀ ਮੁਆਫ਼ੀ ਦੇ ਫੈਸਲੇ ’ਚ ਹੋਏ ਪੱਖਪਾਤ ਤੋਂ ਜਰਨਲ ਵਰਗ ਨਿਰਾਸ਼ ਹੈ।