ਪੱਤਰ ਪ੍ਰੇਰਕ
ਮਾਨਸਾ, 19 ਅਪਰੈਲ
ਮਾਨਸਾ ਤੇ ਬਠਿੰਡਾ ਜ਼ਿਲ੍ਹਿਆਂ ਦੇ ਦਰਜਨਾਂ ਪਿੰਡਾਂ ’ਚੋਂ ਥੋੜ੍ਹੇ ਦਿਨਾਂ ਦੌਰਾਨ ਵਾਟਰ ਵਰਕਸਾਂ ’ਚੋਂ ਚੋਰੀ ਹੋ ਰਹੀਆਂ ਮੋਟਰਾਂ ਕਾਰਨ ਦਿਹਾਤੀ ਖੇਤਰ ਦੇ ਲੋਕਾਂ ਨੂੰ ਗਰਮੀ ’ਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਣ ਲੱਗੀ ਹੈ। ਇਨ੍ਹਾਂ ਮੋਟਰਾਂ ਦਾ ਮਾਮਲਾ ਸਰਕਾਰੇ-ਦਰਬਾਰੇ ਪੁੱਜ ਗਿਆ ਹੈ। ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਕੇ ਥਾਣਾ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਵਾਟਰ ਵਰਕਸਾਂ ਦੀਆਂ ਚੋਰੀ ਹੋਈਆਂ ਮੋਟਰਾਂ ਦੀ ਤੁਰੰਤ ਅਸਲੀਅਤ ਲੱਭਣ। ਮੋਟਰਾਂ ਚੋਰੀ ਹੋਣ ਦਾ ਮਾਮਲਾ ਇਹ ਉਸ ਵੇਲੇ ਭਖ ਗਿਆ ਜਦੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੰਡਲ ਇੰਜਨੀਅਰ ਸ਼ੂਭ ਨਾਥ ਵੱਲੋਂ ਦੱਸਿਆ ਕਿ ਪਿੰਡ ਸੱਦਾ ਸਿੰਘ ਵਾਲਾ, ਕੋਟਲੱਲੂ ਤੇ ਗੇਹਲੇ ਪਿੰਡ ਦੀਆਂ ਮੋਟਰਾਂ ਨੂੰ ਚੋਰੀ ਕਰਨ ਤੋਂ ਬਾਅਦ ਪਾਣੀ ਸਪਲਾਈ ਪ੍ਰਭਾਵਤ ਹੋਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਸੱਦਾ ਸਿੰਘ ਵਾਲਾ ਮੋਟਰ ਚੋਰੀ ਹੋਣ ਤੋਂ ਬਾਅਦ ਜਦੋਂ ਨਵੇਂ ਸਿਰੇ ਤੋਂ ਮੋਟਰ ਲਗਾਈ ਗਈ ਤਾਂ ਉਹ ਮੁੜ 17 ਅਪਰੈਲ ਨੂੰ ਚੋਰੀ ਹੋ ਗਈ, ਜਦੋਂਕਿ ਇਸ ਤੋਂ ਪਹਿਲਾਂ ਵੀ ਮੋਟਰ ਚੋਰੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਖੋਖਰ ਕਲਾਂ ਵਿੱਚ ਵੀ ਇਸ ਤੋਂ ਤਿੰਨ ਦਿਨ ਪਹਿਲਾਂ ਮੋਟਰ ਚੋਰੀ ਹੋ ਗਈ ਸੀ। ਉਨ੍ਹਾਂ ਉਚ ਪੁਲੀਸ ਅਧਿਕਾਰੀ ਨੂੰ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਵਾਟਰ ਵਰਕਸਾਂ ਦੀਆਂ ਚੋਰੀਆਂ ਸਬੰਧੀ ਥਾਣਾ ਸਦਰ ਰਮਦਿੱਤੇਵਾਲਾ ’ਚ ਚੋਰੀ ਦੀ ਸੂਚਨਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ’ਚ ਪਹਿਲੀ ਵਾਰ 4 ਜਨਵਰੀ ਨੂੰ ਮੋਟਰ ਚੋਰੀ ਹੋਈ ਤੇ ਉਸ ਤੋਂ ਬਾਅਦ 15 ਮਾਰਚ ਨੂੰ ਮੁੜ ਚੋਰੀ ਹੋ ਗਈ ਤੇ ਇਸ ਕਾਲਜ ਵਿੱਚ ਲਗਭਗ 1500 ਵਿਦਿਆਰਥੀ ਪੜ੍ਹਦੇ ਹਨ ਤੇ ਕਾਲਜ ਦੇ ਸਟੇਡੀਅਮ ਵਿੱਚ ਸਵੇਰੇ-ਸ਼ਾਮ ਖੇਡਣ ਤੇ ਸੈਰ ਕਰਨ ਆਉਂਦੇ ਲੋਕਾਂ ਨੂੰ ਪਾਣੀ ਦੀ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਇਸੇ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੌੜ ਦੇ ਉਪ-ਮੰਡਲ ਇੰਜਨੀਅਰ ਨੇ ਲਿਖਤੀ ਰੂਪ ਵਿੱਚ ਉਚ ਅਧਿਕਾਰੀਆਂ ਕੋਲ ਜਾਣਕਾਰੀ ਦਿੱਤੀ ਕਿ ਪਿੰਡ ਭਾਈ ਬਖਤੌਰ ਦੀਆਂ 15 ਤੇ 5 ਹਾਰਸ ਪਾਵਰ ਦੀਆਂ ਦੋ ਮੋਟਰਾਂ, ਪਿੰਡ ਯਾਤਰੀ ਦੇ ਵਾਟਰ ਵਰਕਸ ਵਿੱਚ 5 ਐਚ.ਪੀ ਤੇ 3 ਐਚ.ਪੀ ਦੀਆਂ 2 ਮੋਟਰਾਂ, ਪਿੰਡ ਰਾਜਗੜ੍ਹ ਕੁੱਬੇ ਦੇ ਵਾਟਰ ਵਰਕਸ ’ਚ 20 ਹਾਰਸ ਪਾਵਰ ਦੀ ਇੱਕ ਮੋਟਰ, ਪਿੰਡ ਮਾੜੀ ਵਿਖੇ 7.5 ਐਚ.ਪੀ ਅਤੇ 5 ਐਚ.ਪੀ ਦੀਆਂ ਦੋ ਮੋਟਰਾਂ, ਪਿੰਡ ਗਹਿਰੀ ਬਾਰਾਂ ਸਿੰਘ ਵਿਖੇ 5 ਐਚ.ਪੀ ਅਤੇ 3 ਐਚ.ਪੀ ਦੀਆਂ ਦੋ ਮੋਟਰਾਂ, ਪਿੰਡ ਘੁੰਮਣ ਕਲਾਂ ਤੇ ਬੁਰਜ ਵਿਖੇ ਇੱਕ-ਇੱਕ ਮੋਟਰ ਚੋਰੀ ਹੋ ਗਈਆਂ ਹਨ।