ਐਨ.ਪੀ.ਧਵਨ
ਪਠਾਨਕੋਟ, 11 ਅਕਤੂਬਰ
ਮੁਹੱਲਾ ਸੁੰਦਰ ਨਗਰ, ਚਾਰ ਮਰਲਾ ਕੁਆਟਰ, ਗੁਰੂ ਨਾਨਕ ਪਾਰਕ ਦੇ ਸਾਹਮਣੇ ਦਾ ਮਾਡਲ ਟਾਊਨ ਖੇਤਰ, ਕੱਚੇ ਕੁਆਟਰ, ਹੋਟਲ ਵੀਨਸ ਦੇ ਪਿੱਛੇ ਸਥਿਤ ਕ੍ਰਿਸ਼ਨਾ ਨਗਰ ਦੇ ਨਜ਼ਦੀਕ ਦੁਰਗਾ ਮਾਤਾ ਮੰਦਰ ਖੇਤਰ ਸਮੇਤ 6 ਇਲਾਕਿਆਂ ਦਾ ਸੀਵਰੇਜ ਜਾਮ ਚੱਲ ਰਿਹਾ ਹੈ, ਜਿਸ ਕਾਰਨ ਇਲਾਕੇ ਦੀ 18 ਹਜ਼ਾਰ ਦੀ ਆਬਾਦੀ ਪ੍ਰੇਸ਼ਾਨ ਹੈ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਥੋੜ੍ਹੀ ਜਿਹੀ ਬਰਸਾਤ ਹੋਣ ’ਤੇ ਮੁੱਖ ਸੀਵਰ ਓਵਰਫਲੋਅ ਹੋ ਜਾਂਦਾ ਹੈ ਤੇ ਗੰਦਗੀ ਗਲੀਆਂ ਅਤੇ ਸੜਕਾਂ ਵਿਚ ਫੈਲ ਜਾਂਦੀ ਹੈ, ਜਿਸ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਜਾਂਦਾ ਹੈ। ਊਨ੍ਹਾਂ ਕਿਹਾ ਕਿ ਇਸ ਸਬੰਧੀ ਨਿਗਮ ਅਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਅਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਇਲਾਕਿਆਂ ਵਿੱਚ ਪੈਂਦੀ ਸੀਵਰ ਲਾਈਨ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਊਨ੍ਹਾਂ ਦੀ ਸਮੱਸਿਆ ਦਾ ਹੱਲ ਹੋ ਸਕੇ। ਊਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਵਿਧਾਇਕ ਅਮਿਤ ਵਿਜ ਦੇ ਉਪਰਾਲੇ ਨਾਲ ਅਬਰੋਲ ਨਗਰ ਅਤੇ ਵਾਰਡ ਨੰਬਰ 29, 30 ਦੇ ਲੋਕਾਂ ਨੂੰ ਸੀਵਰ ਜਾਮ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਸੁਪਰ ਸੱਕਰ ਮਸ਼ੀਨ ਨਾਲ ਸੀਵਰ ਮੇਨਲਾਈਨਾਂ ਦੀ ਸਫਾਈ ਕਰਵਾਈ ਗਈ ਸੀ ਪਰ ਇਨ੍ਹਾਂ ਖੇਤਰਾਂ ਵਿੱਚ ਸੀਵਰ ਲਾਈਨ ਦੀ ਸਫਾਈ ਦਾ ਕੰਮ ਸ਼ੁਰੂ ਹੀ ਨਹੀਂ ਕੀਤਾ ਗਿਆ।