ਪੱਤਰ ਪ੍ਰੇਰਕ
ਟੋਹਾਣਾ, 20 ਜੁਲਾਈ
ਸਾਲ 2017-16 ਵਿੱਚ ਫਤਿਹਾਬਾਦ ਦੇ ਉਸ ਸਮੇਂ ਦੇ ਐੱਸਡੀਐੱਮ ਸਤਬੀਰ ਸਿੰਘ ਜਾਂਗੂ ਤੇ ਸਰਪੱਲਸ ਪਟਵਾਰੀ ਜਗਦੀਸ਼ ਚੰਦਰ ਵੱਲੋ ਇਥੋਂ ਦੇ ਪਿੰਡ ਭੁੰਦੜਾ ਦੀ ਸਰਪਲੱਸ 223 ਕਨਾਲ 8 ਮਰਲੇ ਜ਼ਮੀਨ ਕੇਵਲ 20 ਹਜ਼ਾਰ ਰੁਪਏ ਵਿੱਚ 9 ਰਸੂਖਦਾਰ ਕਿਸਾਨਾਂ ਨੂੰ ਅਲਾਟ ਕਰ ਦਿੱਤੀ ਗਈ ਸੀ। ਇਸ ਸਬੰਧੀ ਵਿਜੀਲੈਂਸ ਡੀਐਸਪੀ ਸੁਰਿੰਦਰ ਪਾਲ ਦੀ ਸ਼ਿਕਾਇਤ ’ਤੇ ਪੁਲੀਸ ਥਾਣਾ ਸਦਰ ਵਿੱਚ ਐੱਸਡੀਐੱਮ ਸਤਬੀਰ ਸਿੰਘ ਜਾਂਗੂ, ਪਟਵਾਰੀ ਜਗਦੀਸ਼ ਚੰਦਰ ਤੇ 9 ਕਿਸਾਨਾਂ ਜਿਨ੍ਹਾਂ ਵਿੱਚ ਸਵਿੰਦਰ ਸਿੰਘ, ਨੱਛਤਰ ਸਿੰਘ, ਹਰਮਿੰਦਰ ਸਿੰਘ, ਮੋਹਨ ਸਿੰਘ, ਗੁਰਮੇਲ ਸਿੰਘ, ਜਗਸੀਰ ਸਿੰਘ, ਪਿਆਰਾ ਸਿੰਘ, ਮਿੱਠੂ ਸਿੰਘ, ਹਰਵਿੰਦਰ ਸਿੰਘ ਦੇ ਵਿਰੁੱੱਧ ਕੇਸ ਦਰਜ ਕੀਤਾ ਹੈ। 223 ਕਨਾਲ ਜ਼ਮੀਨ ਦਾ ਭਾਅ 10 ਤੋਂ 14 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਵਿਜੀਲੈਂਸ ਦੀ ਜਾਂਚ ਤੋਂ ਬਾਦ ਦੀ ਐੱਸਪੀ ਵੱਲੋਂ ਦਰਜ ਕਰਵਾਏ ਮਾਮਲੇ ਵਿੱਚ ਸਵਿੰਦਰ ਸਿੰਘ, 19 ਕਨਾਲ 2 ਮਰਲੇ, ਨਛੱਤਰ ਸਿੰਘ, 44 ਕਨਾਲ 7 ਮਰਲੇ, ਹਰਮਿੰਦਰ ਸਿੰਘ ਨੂੰ 3 ਕਨਾਲ 2 ਮਰਲੇ, ਮੋਹਨ ਸਿੰਘ ਨੂੰ 14 ਕਨਾਲ, ਗੁਰਮੇਲ ਸਿੰਘ ਨੂੰ 16 ਕਨਾਲ, ਪਿਆਰਾ ਸਿੰਘ ਦੇ ਨਾਂ 66 ਕਨਾਲ 19 ਮਰਲੇ, ਹਰਵਿੰਦਰ ਸਿੰਘ ਤੇ ਮਿੱਠੂ ਸਿੰਘ ਨੂੰ 3 ਕਨਾਲ 16 ਮਰਲੇ, ਜਗਸੀਰ ਸਿੰਘ ਨੂੰ 46 ਕਨਾਲ 13 ਮਰਲੇ ਜ਼ਮੀਨ 20 ਹਜ਼ਾਰ ਰੁਪਏ ਵਿੱਚ ਅਲਾਟ ਕੀਤੀ ਗਈ ਸੀ। ਡੀਐੱਸਪੀ ਸੁਰਿੰਦਰ ਪਾਲ ਮੁਤਾਬਕ ਇਸ ਜ਼ਮੀਨ ਦਾ ਹਰਿਆਣਾ ਸਰਕਾਰ ਦੇ ਨਾਂ ’ਤੇ ਇਤੰਕਾਲ ਸੀ। ਸਰਪੱਲਸ ਜ਼ਮੀਨ ਕੇਵਲ ਦੋ ਏਕੜ ਕਾਸ਼ਤਕਾਰ ਕਿਸਾਨਾਂ ਨੂੰ ਬਾਜ਼ਾਰ ਦੇ ਭਾਅ ’ਤੇ ਉਸੇ ਪਿੰਡ ਵਾਸੀ ਨੂੰ ਹੀ ਦਿੱਤੀ ਜਾ ਸਕਦੀ ਹੈ। ਜ਼ਮੀਨ ਅਲਾਟ ਸਮੇਂ ਮੁਨਾਦੀ ਕਰਵਾਈ ਜਾਂਦੀ ਹੈ। ਇਹ ਜ਼ਮੀਨ ਭੁੰਦੜਾ ਦੇ 4 ਵੱਡੇ ਕਿਸਾਨਾਂ ਤੇ 5 ਬਾਹਰਲੇ ਪਿੰਡਾਂ ਦੇ ਕਿਸਾਨਾਂ ਨੂੰ ਅਲਾਟ ਕੀਤੀ ਗਈ। ਜ਼ਿਕਰਯੋਗ ਹੈ ਕਿ ਐੱਸਡੀਐੱਮ ਸਤਬੀਰ ਸਿੰਘ ਜਾਂਗੂੁ ਤਰੱਕੀ ਲੈ ਕੇ ਏਡੀਸੀ ਬਨਣ ਤੋਂ ਬਾਅਦ ਸੇਵਾਮੁਕਤ ਹੋ ਚੁੱਕਿਆ ਹੈ।