ਰਵੇਲ ਸਿੰਘ ਭਿੰਡਰ
ਪਟਿਆਲਾ, 23 ਮਾਰਚ
ਪੰਜਾਬੀ ਯੂਨੀਵਰਸਿਟੀ ਦੇ ਅਧਿਆਪਾਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਦਿੱਲੀ ਗਾਜ਼ੀਪੁਰ ਬਾਰਡਰ ’ਤੇ ਪਹੁੰਚਕੇ ਕਿਸਾਨਾਂ ਨਾਲ ਇੱਕਮੁੱਠਤਾ ਪ੍ਰਗਟ ਕਰਨ ਦੇ ਨਾਲ-ਨਾਲ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ। ਪੰਜਾਬੀ ਯੂਨੀਵਰਸਿਟੀ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਲਈ ਅੱਜ ਤੀਜੇ ਕਾਫਲੇ ਦੇ ਗਾਜ਼ੀਪੁਰ ਬਾਰਡਰ ਲਈ ਤੁਰਨ ਤੋਂ ਪਹਿਲਾਂ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਪੋ੍ਫੈਸਰ ਡਾ. ਬਲਕਾਰ ਸਿੰਘ ਨੇ ਅਰਦਾਸ ਕੀਤੀ ਅਤੇਂ ਕਾਫਲੇ ਨੂੰ ਰਵਾਨਾ ਕੀਤਾ। ਯੂਨੀਵਰਸਿਟੀ ਵਿਦਿਆਰਥੀ, ਅਧਿਆਪਕ, ਸੇਵਾ ਮੁਕਤ ਅਧਿਆਪਕ ਅਤੇ ਕਰਮਚਾਰੀ ਕਿਸਾਨਾਂ ਦੇ ਸਮਰਥਨ ਲਈ ਲੜੀਵਾਰ ਕਾਫਲਿਆਂ ਦੇ ਰੂਪ ਵਿੱਚ ਪਹਿਲਾਂ ਵੀ ਦੋ ਵਾਰ ਸਿੰਘੂ ਅਤੇ ਟਿਕਰੀ ਬਾਰਡਰਾਂ ’ਤੇ ਗਏ ਸਨ। ਪਹਿਲਾ ਕਾਫਲਾ ਸਿੰਘੂ ਬਾਰਡਰ ਦੂਜਾ ਟਿੱਕਰੀ ਬਾਡਰ ‘ਤੇ ਜਾਣ ਮਗਰੋਂ ਅੱਜ ਤੀਜਾ ਕਾਫਲਾ ਗਾਜੀਪੁਰ ਬਾਰਡਰ ਪਹੁੰਚਿਆ ਸੀ। ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਤੇ ਉਘੇ ਚਿੰਤਕ ਡਾ. ਹਰਜੋਧ ਸਿੰਘ ਦੀ ਸਰਪ੍ਰਸ਼ਤੀ ਹੇਠ ਪਹੁੰਚੇ ਇਸ ਕਾਫਲੇ ਦੀ ਅਗਵਾਈ ਲਈ ਵਿਸ਼ੇਸ਼ ਤੌਰ ’ਤੇ ਸਾਬਕਾ ਡਾਇਰੈਕਟਰ ਸਪੋਰਟਸ ਡਾ ਰਾਜ ਕੁਮਾਰ ਸ਼ਰਮਾ, ਜੋਗਾ ਸਿੰਘ, ਡਾ. ਵਰਿੰਦਰ ਜੌਹਲ, ਡਾ. ਰਵਿੰਦਰ ਕੁਮਾਰ, ਡਾ. ਬਚਿੱਤਰ ਸਿੰਘ, ਡਾ. ਮਨਜੀਤ ਸਿੰਘ, ਐਡਵੋਕੇਟ ਬੂਟਾ ਸਿੰਘ ਬੀਰੋਕੇ, ਡਾ. ਰਾਜਵਿੰਦਰ ਸਿੰਘ, ਡਾ. ਬਲਰਾਜ ਸਿੰਘ ਬਰਾੜ, ਡਾ. ਮਨਦੀਪ ਸਿੰਘ, ਪ੍ਰੋਫੈਸਰ ਦੇਵਿੰਦਰ ਸਿੰਗਲਾ, ਵਲੈਤੀ ਰਾਮ ਪੰਜੌਲਾ ਸ਼ਾਮਲ ਹੋਏ। ਗੁਰਮੀਤ ਸਿੰਘ ਮੋਹਾਲੀ ਨੇ ਲੰਗਰ ਲਈ ਦੋ ਕੁਇੰਟਲ ਆਟਾ ਤੇ ਪੰਜਾਹ ਕਿੱਲੋ ਚੌਲ, ਅਮਰਜੀਤ ਸਿੰਘ (ਮਹਿਤਾ ਪੈਟਰੋਲ ਪੰਪ) 50 ਕਿੱਲੋ ਆਟਾ, ਵਲੈਤੀ ਰਾਮ ਪੰਜੌਲਾ ਨੇ 50 ਕਿੱਲੋ ਆਟਾ ਤੇ 50 ਕਿੱਲੋ ਖੰਡ, ਡਾ. ਹਰਪ੍ਰੀਤ ਸਿੰਘ ਕੁਇੰਟਲ ਆਟਾ ਤੇ 50 ਕਿਲੋ ਚੌਲ ਦੀ ਸੇਵਾ ਕੀਤੀ, ਜਦੋਂ ਕਿ ਟਿਵਾਣਾ ਟਰੈਵਲਜ਼ ਨੇ ਫਰੀ ਬੱਸ ਮੁੱਹਈਆ ਕਰਵਾਈ।