ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 7 ਜਨਵਰੀ
ਪੰਜਾਬ ਵਿੱਚ ਚੋਣਾਂ ਦਾ ਐਲਾਨ ਅਤੇ ਕਾਂਗਰਸ ਵੱਲੋਂ ਟਿਕਟਾਂ ਦਾ ਐਲਾਨ ਕਰਨ ਤੋਂ ਪਹਿਲਾਂ ਵੀ ਮੁਹਾਲੀ ਹਲਕੇ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੋਂ ਦੀ ਏਅਰਪੋਰਟ ਰੋਡ ਉੱਤੇ ਸੈਕਟਰ 79 ਵਿਖੇ ਆਪਣਾ ਚੋਣ ਦਫ਼ਤਰ ਖੋਲ੍ਹ ਲਿਆ। ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਕੌਂਸਲਰਾਂ ਤੇ ਹੋਰ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਸ੍ਰੀ ਸਿੱਧੂ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਿਸ਼ਵ ਜੈਨ ਅਤੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨਾਲ ਰਲਕੇ ਸਾਂਝੇ ਤੌਰ ਉੱਤੇ ਪਾਰਟੀ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਮੁਹਾਲੀ ਹਲਕੇ ਦਾ ਵਿਕਾਸ ਹੀ ਉਨ੍ਹਾਂ ਦਾ ਚੋਣ ਮੁੱਦਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਵਿਰੋਧੀ ਉਮੀਦਵਾਰਾਂ ਅਤੇ ਪਾਰਟੀਆਂ ਨੂੰ ਚੈਲਿੰਜ ਕਰਦੇ ਹਨ ਕਿ ਉਹ ਸ਼ਹਿਰ ਅਤੇ ਪਿੰਡਾਂ ਦੇ ਕਰਾਏ ਗਏ ਵਿਕਾਸ ਸਬੰਧੀ ਗੱਲ ਕਰਨ।
ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਮੈਡੀਕਲ ਕਾਲਜ, ਸਰਕਾਰੀ ਨਰਸਿੰਗ ਕਾਲਜ, ਲਾਂਡਰਾਂ ਚੌਕ ਦੀ ਸਮੱਸਿਆ ਦਾ ਹੱਲ, 375 ਕਰੋੜ ਦੀ ਲਾਗਤ ਨਾਲ ਵਾਟਰ ਟਰੀਟਮੈਂਟ ਪਲਾਂਟ, ਸੈਕਟਰ 77 ਵਿੱਚ ਨਵਾਂ ਬੱਸ ਸਟੈਂਡ, ਆਡੀਟੋਰੀਅਮ, ਹਲਕੇ ਦੀਆਂ ਸੜਕਾਂ ਨੂੰ ਚੌੜਾ ਕਰਾਵਾ ਕੇ ਨਵ ਨਿਰਮਾਣ, ਸਿਹਤ ਸੇਵਾਵਾਂ, ਪਿੰਡਾਂ ਦਾ ਵਿਕਾਸ, ਸਕੂਲਾਂ ਦੀ ਬਿਹਤਰੀ, ਖੇਡਾਂ ਦਾ ਪੱਧਰ ਹਰ ਖੇਤਰ ਵਿੱਚ ਮੁਹਾਲੀ ਹਲਕਾ ਪੰਜਾਬ ਵਿੱਚੋਂ ਇੱਕ ਨੰਬਰ ਤੇ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਸਿਰਫ਼ ਸੱਤ ਮਹੀਨਿਆਂ ਦੌਰਾਨ ਮੁਹਾਲੀ ਦਾ ਨਕਸ਼ਾ ਬਦਲ ਦਿੱਤਾ ਹੈ ਤੇ ਸਵੱਛਤਾ ਪੱਖੋਂ ਵੀ ਸ਼ਹਿਰ ਰਾਜ ਦੇ ਮੋਹਰੀ ਸ਼ਹਿਰਾਂ ਵਿੱਚ ਆ ਗਿਆ ਹੈ। ਇਸ ਮੌਕੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਮੇਤ ਸਮੁੱਚੇ ਕੌਂਸਲਰ ਅਤੇ ਵੱਡੀ ਗਿਣਤੀ ਵਿੱਚ ਪੰਚ-ਸਰਪੰਚ ਮੌਜੂਦ ਸਨ।