ਬੋਕੋ (ਅਸਾਮ), 10 ਦਸੰਬਰ
ਅਸਾਮ ਦੇ ਕਾਮਰੂਪ ਦਿਹਾਤੀ ਜ਼ਿਲ੍ਹੇ ਵਿੱਚ ਜੰਗਲੀ ਹਾਥੀਆਂ ਦੇ ਝੁੰਡ ਨੂੰ ਖਦੇੜਨ ਲਈ ਜੰਗਲਾਤ ਵਿਭਾਗ ਦੇ ਕਾਮਿਆਂ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਦੋ ਸਾਲਾਂ ਦੀ ਬੱਚੀ ਦੀ ਮੌਤ ਹੋ ਗਈ ਤੇ ਉਸ ਦੀ ਮਾਂ ਜ਼ਖ਼ਮੀ ਹੋ ਗਈ। ਇਸੇ ਦੌਰਾਨ ਭੱਜਦੇ ਹੋਏ ਹਾਥੀਆਂ ਨੇ ਇਕ ਕਿਸਾਨ ਨੂੰ ਜ਼ਖ਼ਮੀ ਕਰ ਦਿੱਤਾ। ਇਹ ਹਾਥੀ ਪਿੱਛਲੇ ਕਈ ਦਿਨਾਂ ਤੋਂ ਬੋਕੋ ਇਲਾਕੇ ਦੇ ਬੋਂਦਾਪਾਰਾ ਵਿੱਚ ਤਬਾਹੀ ਮਚਾ ਰਹੇ ਸਨ। ਇਨ੍ਹਾਂ ਨੂੰ ਖਦੇੜਨ ਲਈ ਚਲਾਈ ਗਈ ਗੋਲੀ ਗਲਤੀ ਨਾਲ ਮਾਂ ਤੇ ਧੀ ਨੂੰ ਜਾ ਵੱਜੀ ਅਤੇ ਮਾਂ ਦੀ ਝੋਲੀ ਵਿੱਚ ਬੈਠੀ ਧੀ ਦੀ ਮੌਤ ਹੋ ਗਈ ਤੇ ਮਾਂ ਜ਼ਖ਼ਮੀ ਹੋ ਗਈ। ਦੋਵੇਂ ਜਣੀਆਂ ਆਪਣੇ ਘਰ ਦੇ ਬਾਹਰ ਬੈਠੀਆਂ ਹੋਈਆਂ ਸਨ। -ਪੀਟੀਆਈ