ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 19 ਅਪਰੈਲ
ਇੱਥੋਂ ਦੇ ਨੇੜਲੇ ਪਿੰਡ ਦੁਧਨਗੁਜਰਾਂ ਵਿੱਚ ਅੱਜ ਐੱਸਡੀਐੱਮ ਦੂਧਨਸਾਧਾਂ ਅੰਕੁਰਜੀਤ ਸਿੰਘ ਦੇ ਹੁਕਮਾਂ ’ਤੇ ਤਹਿਸੀਲਦਾਰ ਦੂਧਨਸਾਧਾਂ ਮਨਦੀਪ ਕੌਰ ਨੇ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਲੋਕਾਂ ਵੱਲੋਂ ਦੱਬੀ ਹੋਈ ਡਰੇਨ ਵਿਭਾਗ ਦੀ ਥਾਂ ਦਾ ਕਬਜ਼ਾ ਦੁਆਇਆ। ਇੱਥੇ ਇਹ ਵਰਨਣਯੋਗ ਹੈ ਕਿ ਪਿੰਡ ਦੂਧਨਗੁਜਰਾਂ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੋਂ ਮੰਗ ਕੀਤੀ ਸੀ ਕਿ ਬਰਸਾਤ ਸਮੇਂ ਅਦਾਲਤੀਵਾਲਾ ਡਰੇਨ ਦਾ ਜੋ ਪਾਣੀ ਇੱਥੇ ਰੁਕਦਾ ਹੈ, ਉਸ ਦੀ ਨਿਕਾਸੀ ਕਰਵਾਈ ਜਾਵੇ। ਉਨ੍ਹਾਂ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਇਸ ਡਰੇਨ ਦੀ ਖੁਦਾਈ ਦਾ ਬੰਦੋਬਸਤ ਕੀਤਾ ਜਾਵੇ।
ਇਸ ਮਸਲੇ ’ਤੇ ਕਾਰਵਾਈ ਕਰਦਿਆਂ ਅੱਜ ਡਰੇਨ ਵਿਭਾਗ ਨੇ ਉਚ ਅਧਿਕਾਰੀਆਂ ਦੇ ਹੁਕਮਾਂ ’ਤੇ ਭਾਰੀ ਫੋਰਸ ਨਾਲ ਲੈ ਕੇ ਤਹਿਸੀਲਦਾਰ ਦੂਧਨਸਾਧਾਂ ਮਨਦੀਪ ਕੌਰ ਦੀ ਮੌਜੂਦਗੀ ਵਿੱਚ ਡਰੇਨ ਦੀ ਥਾਂ ਦਾ ਕਬਜ਼ਾ ਲਿਆ। ਥਾਣਾ ਮੁਖੀ ਜੁਲਕਾਂ ਗੁਰਦੀਪ ਸਿੰਘ ਸੰਧੂ ਅਤੇ ਡਰੇਨ ਵਿਭਾਗ ਦੇ ਐੱਸਡੀਓ ਨਿਸ਼ਾਂਤ ਨੇ ਦੱਸਿਆ ਕਿ ਪਿੰਡ ਦੂਧਨਗੁਜਰਾਂ ਤੋਂ ਲੈ ਕੇ ਟਾਂਗਰੀ ਨਦੀ ਤੱਕ ਡੇਢ ਕਿਲੋਮੀਟਰ ਤੱਕ ਡਰੇਨ ਦੇ ਦੋਵੇਂ ਪਾਸੇ ਪਿੰਡ ਦੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਜਾਣਕਾਰੀ ਅਨੁਸਾਰ ਇਹ ਡਰੇਨ ਕੁੱਲ 66 ਫੁੱਟ ਚੌੜੀ ਹੈ ਅਤੇ ਇਸ ਦੇ ਇੱਕ ਪਾਸੇ 32 ਫੁੱਟ ਡਰੇਨ ਦੀ ਪਟੜੀ ਹੈ ਜਿਸ ਵਿੱਚੋਂ 34 ਫੁੱਟ ਡਰੇਨ ਪੁੱਟੀ ਜਾਵੇਗੀ। ਇਸ ਬਾਰੇ ਥਾਣਾ ਮੁਖੀ ਸੰਧੂ ਨੇ ਦੱਸਿਆ ਕਿ ਡਰੇਨ ਵਿਭਾਗ ਦੇ ਅਧਿਕਾਰੀਆਂ ਕੋਲ ਕਬਜ਼ਾ ਵਾਰੰਟ ਸਨ। ਤਹਿਸੀਲਦਾਰ ਅਤੇ ਪੁਲੀਸ ਬਲ, ਡਰੇਨ ਅਧਿਕਾਰੀਆਂ ਦੀ ਸੁਰੱਖਿਆ ਲਈ ਆਈ ਸੀ। ਇਸ ਸਬੰਧੀ ਪਿੰਡ ਵਾਸੀਆਂ ਨੇ ਪਹਿਲਾਂ ਕੁਝ ਵਿਰੋਧ ਕੀਤਾ ਸੀ ਪਰ ਕਿਉਂਕਿ ਉਹ ਕੁਝ ਨਾਜਾਇਜ਼ ਕਾਬਜ਼ ਸਨ ਇਸ ਲਈ ਉਨ੍ਹਾਂ ਨੂੰ ਸਮਝਾ ਦਿੱਤਾ ਗਿਆ ਸੀ।
ਡਰੇਨ ਵਿਭਾਗ ਦੇ ਐੱਸਡੀਓ ਨਿਸ਼ਾਂਤ ਨੇ ਦੱਸਿਆ ਕਿ ਡਰੇਨ ਦੇ ਕੁਝ ਹਿੱਸੇ ’ਤੇ ਸਟੇਅ ਹੈ, ਉੱਥੇ ਕਬਜ਼ਾ ਨਹੀਂ ਲਿਆ ਜਾਵੇਗਾ ਅਤੇ ਬਾਕੀ ਦੀ ਖੁਦਾਈ ਬਰਸਾਤਾਂ ਤੋਂ ਪਹਿਲਾਂ ਕਰਵਾ ਦਿੱਤੀ ਜਾਵੇਗੀ ਤਾਂ ਕਿ ਬਰਸਾਤੀ ਪਾਣੀ ਦਾ ਨਿਕਾਸ ਹੋ ਸਕੇ। ਇਸ ਦੇ ਨਾਲ ਹੀ ਟਾਂਗਰੀ ਨਦੀ ਦੇ ਬੰਨ੍ਹ ’ਤੇ ਜੋ ਇਨਲੈੱਟ ਸਾਈਫਨ ਬਣਾਉਣਾ ਹੈ, ਉਹ ਵੀ ਬਰਸਾਤਾਂ ਤੋਂ ਪਹਿਲਾਂ ਬਣਾ ਦਿੱਤਾ ਜਾਵੇਗਾ।