ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਫਰਵਰੀ
ਕਿਸਾਨੀ ਅੰਦੋਲਨ ਜਿੱਤ ਕੇ ਚੋਣ ਮੈਦਾਨ ਵਿੱਚ ਉਤਰੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਅੱਜ ਘੜਾ ਤੇ ਕਈ ਉਮੀਦਵਾਰਾਂ ਨੂੰ ਮੰਜਾ ਚੋਣ ਨਿਸ਼ਾਨ ਮਿਲ ਗਿਆ ਹੈ। ਹੁਣ ਉਮੀਦਵਾਰਾਂ ਨੇ ਚੋਣ ਨਿਸ਼ਾਨ ਅਲਾਟ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਆਪਣਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੀ ਸਿਆਸਤ ਵਿੱਚ ਐਂਟਰੀ ਕਰਨ ਵਾਲੀਆਂ 22 ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚੇ ਦੀ ਸਿਆਸੀ ਪਾਰਟੀ ਵਜੋਂ ਰਜਿਸਟਰੇਸ਼ਨ 1 ਫਰਵਰੀ ਨੂੰ ਦੇਰ ਸ਼ਾਮ ਨੂੰ ਹੋਈ ਸੀ, ਇਸ ਕਰਕੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਸੀ, ਜਿਸ ਤੋਂ ਬਾਅਦ ਅੱਜ ਸਾਰੇ ਹੀ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ।
ਚੋਣ ਕਮਿਸ਼ਨ ਵੱਲੋਂ ਸਮਰਾਲਾ ਹਲਕੇ ਵਿੱਚ ਚੋਣ ਮੈਦਾਨ ਵਿੱਚ ਉਤਰੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਚੋਣ ਨਿਸ਼ਾਨ ਮੰਜਾ ਮਿਲਿਆ ਹੈ, ਜਦਕਿ ਮੌੜ ਮੰਡੀ ਦੇ ਹਲਕੇ ਵਿੱਚ ਚੋਣ ਲੜ ਰਹੇ ਲੱਖਾ ਸਿਧਾਣਾ ਨੂੰ ਚੋਣ ਨਿਸ਼ਾਨ ਘੜਾ ਮਿਲਿਆ ਹੈ। ਲੁਧਿਆਣਾ ਵਿੱਚ ਜ਼ਿਆਦਾਤਰ ਉਮੀਦਵਾਰਾਂ ਨੂੰ ਵੀ ਚੋਣ ਨਿਸ਼ਾਨ ਘੜਾ ਹੀ ਮਿਲਿਆ ਹੈ।
ਜਿੱਤ ਹਾਸਲ ਕਰਕੇ ਨਵੇਂ ਪੰਜਾਬ ਦੀ ਨੀਂਹ ਰੱਖਾਂਗੇ: ਰਾਜੇਵਾਲ
ਸਮਰਾਲਾ (ਡੀਪੀਐੱਸ ਬਤਰਾ): ਸਮਰਾਲਾ ਵਿਧਾਨ ਸਭਾ ਹਲਕਾ ’ਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਅਤੇ ਜੋ ਬਤੌਰ ਮੁੱਖ ਮੰਤਰੀ ਦਾ ਚਿਹਰਾ ਵੀ ਹਨ, ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਅੱਜ ਬਲਬੀਰ ਸਿੰਘ ਰਾਜੇਵਾਲ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਰਾਜੇਵਾਲ ਨੇ ਆਪਣੇ ਸੰਬੋਧਨ ਵਿੱਚ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣ ਦੀ ਲੋੜ ਹੈ, ਜਿਸਨੂੰ ਰਵਾਇਤੀ ਰਾਜਨੀਤਕ ਪਾਰਟੀਆਂ ਨੇ ਬਿਲਕੁਲ ਬਰਬਾਦ ਕਰ ਦਿੱਤਾ ਹੈ। ਅੱਜ ਰਿਟਰਨਿੰਗ ਅਫ਼ਸਰ ਵੱਲੋਂ ਚੋਣ ਅਲਾਟ ਕਰ ਦਿੱਤੇ ਗਏ ਹਨ, ਜਿਸ ਵਿੱਚ ਬਲਬੀਰ ਸਿੰਘ ਰਾਜੇਵਾਲ ਨੂੰ ਮੰਜੀ ਚੋਣ ਨਿਸ਼ਾਨ ਮਿਲਿਆ। ਇਸ ਸਬੰਧੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦੇ ਜ਼ਿਆਦਾਤਰ ਉਮੀਦਵਾਰਾਂ ਨੂੰ ਮੰਜੀ ਚੋਣ ਨਿਸ਼ਾਨ ਹੀ ਅਲਾਟ ਹੋਇਆ ਹੈ, ਕੁਝ ਥਾਵਾਂ ’ਤੇ ਕਾਗਜ਼ਾਂ ਵਿੱਚ ਕੋਈ ਕਮੀ ਰਹਿ ਜਾਣ ਕਾਰਨ, ਉਨ੍ਹਾਂ ਨੂੰ ਘੜਾ ਚੋਣ ਨਿਸ਼ਾਨ ਅਲਾਟ ਹੋਇਆ ਹੈ। ਜ਼ਿਆਦਾਤਰ ਉਮੀਦਵਾਰਾਂ ਨੂੰ ਇੱਕੋ ਚੋਣ ਨਿਸ਼ਾਨ ਅਲਾਟ ਹੋਣ ਨਾਲ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਮੂੰਹ ’ਤੇ ਕਰਾਰੀ ਚਪੇੜ ਪਈ ਹੈ, ਜਿਨ੍ਹਾਂ ਨੇ ਸੰਯੁਕਤ ਸਮਾਜ ਮੋਰਚੇ ਦੀ ਰਜਿਸਟ੍ਰੇਸ਼ਨ ਵਿੱਚ ਅੜਿੱਕੇ ਢਾਹੇ ਸਨ। ਰਾਜੇਵਾਲ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਪਿੰਡਾਂ ਵਿੱਚ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਪੰਜਾਬ ਭਰ ਵਿੱਚੋਂ 70 ਤੋਂ ਵੱਧ ਸੀਟਾਂ ’ਤੇ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਬਣਾਏਗਾ ਅਤੇ ਇੱਕ ਨਵੇਂ ਪੰਜਾਬ ਦੀ ਨੀਂਹ ਰੱਖੇਗਾ। ਅੱਜ ਪਿੰਡਾਂ ਦੇ ਦੌਰੇ ਦੌਰਾਨ ਉਨ੍ਹਾਂ ਨਾਲ ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਜੋਗਿੰਦਰ ਸਿੰਘ ਸੇਹ, ਆਲਮਦੀਪ ਸਿੰਘ ਮੱਲ ਮਾਜਰਾ, ਹਰਪਾਲ ਸਿੰਘ ਢਿੱਲੋਂ, ਰਛਪਾਲ ਸਿੰਘ ਕੰਗ, ਰੁਪਿੰਦਰ ਸਿੰਘ ਗਿੱਲ, ਰਿੰਕੂ ਥਾਪਰ, ਰਾਜੂ ਹੇਡੋਂ, ਸੁਖਵਿੰਦਰ ਸਿੰਘ ਸੁੱਖਾ ਆਦਿ ਤੋਂ ਇਲਾਵਾ ਸੰਯੁਕਤ ਸਮਾਜ ਮੋਰਚੇ ਦੇ ਬਲਾਕ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।